ਵਾਹ! ਦੀਦਾਰ ਸਿੰਘਾ ਨਹੀਂ ਰੀਸਾਂ ਤੇਰੀਆਂ….

ਕਾਲਾ ਸੰਘਿਆਂ, 4 ਅਪ੍ਰੈਲ (ਅਮਰਜੀਤ ਨਿੱਝਰ)¸ ਸਮੇਂ ਦੀਆਂ ਸਰਕਾਰਾਂ ਸੂਬੇ ਦੀ ਜਨਤਾ ਨੂੰ ਵੋਟਾਂ ਹਥਿਆਉਣ ਲਈ ਜਿਥੇ ਕਈ ਹੱਥਕੰਡੇ ਅਪਣਾਉਂਦੀਆਂ ਹਨ ਤੇ ਰਿਆਇਤਾਂ ਦਾ ਐਲਾਨ ਆਪਣੇ ਫਾਇਦੇ ਲਈ ਕਰਦੀਆਂ ਹਨ, ਉਥੇ ਹੀ ਨਜ਼ਦੀਕੀ ਪਿੰਡ ਪੁਆਰਾਂ (ਜਲੰਧਰ) ਦਾ ਵਸਨੀਕ ਦੀਦਾਰ ਸਿੰਘ (ਕੈਨੇਡਾ) ਇਕ ਅਜਿਹਾ ਸਖਸ਼ ਹੈ, ਜਿਸਨੂੰ ਮਾਨਵਤਾ ਦਾ ਦਰਦ ਹੀ ਇਥੇ ਵਤਨ ਖਿੱਚ ਲਿਆਉਂਦਾ ਹੈ ਤੇ ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਬਿਨਾਂ ਕਿਸੇ ਸਵਾਰਥ ਗਰੀਬ ਪਰਿਵਾਰਾਂ ‘ਤੇ ਖਰਚ ਰਿਹਾ ਹੈ।
ਪਿਛਲੇ ਕਈ ਵਰ੍ਹਿਆਂ ਤੋਂ ਦੀਦਾਰ ਸਿੰਘ ਨੇ ਸਮਾਜ ਭਲਾਈ ਕਾਰਜਾਂ ਦੀ ਆਪਣੀ ਮੁਹਿੰਮ ਵਿੱਢੀ ਹੋਈ ਹੈ, ਉਸਨੇ ਲੱਖਾਂ ਦੀ ਲਾਗਤ ਨਾਲ ਗੁਰੂ ਘਰ ਦੀ ਆਲੀਸ਼ਾਨ ਇਮਾਰਤ ਦੀ ਉਸਾਰੀ, ਬੁਢਾਪਾ, ਵਿਧਵਾ ਤੇ ਅੰਗਹੀਣਾਂ ਲਈ ਮਾਸਿਕ ਪੈਨਸ਼ਨ, ਗਰੀਬਾਂ ਦੀ ਕਾਲੋਨੀ ‘ਚ ਸੀਵਰੇਜ, ਸ਼ਮਸ਼ਾਨਘਾਟ ਦੀ ਉਸਾਰੀ, ਬੱਚਿਆਂ ਨੂੰ ਨਵੇਂ ਸਾਈਕਲ, ਪੜ੍ਹਾਈ ਦਾ ਖਰਚ ਸਮੇਤ ਸਕੂਲੀ ਵਰਦੀਆਂ ਪ੍ਰਦਾਨ ਕਰਨ ‘ਚ ਅਹਿਮ ਉਪਰਾਲੇ ਕੀਤੇ ਹਨ ਤੇ ਸਾਲ ‘ਚ ਭਾਵੇਂ ਉਹ ਖੁਦ ਤਾਂ ਇਕ ਦੋ ਵਾਰ ਹੀ ਇਹ ਪੁੰਨ ਖੱਟਣ ਲਈ ਖੁਦ ਪਹੁੰਚਦੇ ਹਨ, ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਜਸਵੀਰ ਜੱਸਾ ਸਾਰਾ ਕਾਰਜ ਬਾਖੂਬੀ ਨਿਭਾਅ ਰਿਹਾ ਹੈ।
ਸ. ਦੀਦਾਰ ਸਿੰਘ ਨੇ ਬੀਤੇ ਦਿਨ ਪਿੰਡ ਦੇ 48 ਲੋੜਵੰਦਾਂ ਨੂੰ 110 ਰੁਪਏ ਤੋਂ 120 ਰੁਪਏ ਵਧਾ ਕੇ ਮਾਸਿਕ ਪੈਨਸ਼ਨ ਖੁਦ ਤਕਸੀਮ ਕੀਤੀ ਅਤੇ ਨਾਲ ਹੀ ਪਿੰਡ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਨਕਦ ਰਾਸ਼ੀ ਦੇ ਕੇ ਉਤਸ਼ਾਹਿਤ ਕੀਤਾ ਤਾਂ ਜੋ ਉਹ ਅਗਲੇ ਵਰ੍ਹੇ ਹੋਰ ਵਧੇਰੇ ਮੰਜ਼ਿਲਾਂ ਸਰ ਕਰ ਸਕਣ।
ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਸਾਲਾਨਾ ਸਮਾਗਮ ਜਿਥੇ ਹਰ ਵਰ੍ਹੇ ਵਿਸਾਖੀ ‘ਤੇ ਕਰਵਾਇਆ ਜਾਵੇਗਾ, ਉਥੇ ਹੀ ਵਿਧਵਾ ਔਰਤਾਂ ਨੂੰ ਉਨ੍ਹਾਂ ਦੇ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਵੀ ਹਰ ਮਹੀਨੇ ਪੈਨਸ਼ਨ ਦਿੱਤੀ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਆਉਂਦੇ ਸ਼ੁੱਕਰਵਾਰ ਪਿੰਡ ਦੇ ਸਾਰੇ ਲੋੜਵੰਦ ਲੋਕਾਂ ਨੂੰ ਸ਼ਹਿਰ ਲਿਜਾ ਕੇ ਮੁਫਤ ਟੈਸਟ ਕਰਵਾਏ ਜਾਣਗੇ ਅਤੇ ਇਲਾਜ ਕਰਵਾਉਣ ਲਈ ਦਵਾਈ ਵੀ ਦਿੱਤੀ ਜਾਵੇਗੀ।ਇਸ ਸਮਾਗਮ ‘ਚ ਹੋਰਨਾਂ ਤੋਂ ਬਿਨਾਂ ਸ਼੍ਰੀ ਅਨਿਲ ਸ਼ਰਮਾ ਜਲੰਧਰ, ਰਾਜ ਕੁਮਾਰ ਸਰਪੰਚ, ਨੰਬਰਦਾਰ ਗੁਰਨਾਮ ਸਿੰਘ, ਅਮਰਜੀਤ ਸਿੰਘ ਨਿੱਝਰ, ਪੰਚ ਦਲਜੀਤ ਸਿੰਘ ਤੇ ਭਾਈ ਮੋਹਨ ਸਿੰਘ ਨੇ ਸੰਬੋਧਨ ਕਰਦਿਆਂ ਪ੍ਰਵਾਸੀ ਪਰਿਵਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮਾਗਮ ‘ਚ ਸੰਤੋਖ ਸਿੰਘ ਅਠੌਲਾ, ਮਾ. ਤਰਸੇਮ ਪੁਆਰ, ਸ਼੍ਰੀਮਤੀ ਸੁਮਨ ਆਂਗਨਵਾੜੀ ਟੀਚਰ, ਜਸਵੀਰ ਜੱਸਾ, ਮਹਿੰਦਰ ਸਿੰਘ, ਭਗਤ ਰਾਮ, ਬਿਸ਼ਨਾ, ਸਾਧੂ ਰਾਮ, ਜੋਗਿੰਦਰ ਚੇਲਾ, ਧੰਨਾ, ਚਾਨਣ ਰਾਮ ਤੇ ਸਵਰਨਾ ਰਾਮ ਆਦਿ ਹਾਜ਼ਰ ਸਨ।
 
Top