ਅਜਮੇਰ ‘ਚ ਉਮਰ ਨੂੰ ਦਿਖਾਏ ਕਾਲੇ ਝੰਡੇ

ਜੰਮੂ, 3 ਅਪ੍ਰੈਲ (ਅਨਸ)¸ ਰਾਜਸਥਾਨ ਦੇ ਅਜਮੇਰ ਸ਼ਹਿਰ ਵਿਚ ਹਜਰਤ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ‘ਤੇ ਪਹੁੰਚੇ ਜੰਮੂ-ਕਸ਼ਮੀਰ ਦੇ ਮੁਖ ਮੰਤਰੀ ਉਮਰ ਅਬਦੁਲਾ ਨੂੰ ਕਾਲੇ ਝੰਡੇ ਦਿਖਾਏ ਗਏ। ਮਰ ਨੇ ਆਪਣੇ ਟਵੀਟ ਵਿਚ ਕਿਹਾ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਹਮਾਇਤੀਆਂ ਨੇ ਕਾਲੇ ਝੰਡੇ ਦਿਖਾਏ।
ਉਨ੍ਹਾਂ ਦਾ ਕਹਿਣਾ ਹੈ ਕਿ ਅਜਮੇਰ ਵਿਚ ਜਹਾਜ਼ ਤੋਂ ਉਤਰਨ ਦੇ ਬਾਅਦ ਉਹ ‘ਜ਼ਿਆਰਤ’ ਅਤੇ ਨਮਾਜ਼ ਅਦਾ ਕਰਨ ਗਏ। ਕੁਝ ਦੇਰ ਬਾਅਦ ਉਨ੍ਹਾਂ ਨੇ ਬਿਆਨ ਦਿਤਾ, ”ਅਜਮੇਰ ਵਿਚ 20 ਨਿੱਕਰਧਾਰੀਆਂ ਨੇ ਮੈਨੂੰ ਕਾਲੇ ਝੰਡੇ ਦਿਖਾਏ। ਮੈਨੂੰ ਲੱਗਾ ਕਿ ਹੁਣ ਮੈਂ ਸੱਚਮੁੱਚ ਮਹੱਤਵਪੂਰਨ ਵਿਅਕਤੀ ਹੋ ਗਿਆ ਹਾਂ।”
ਯਾਦ ਰਹੇ ਕਿ ਕਥਿਤ ਰਾਸ਼ਟਰ ਵਿਰੋਧੀ ਬਿਆਨ ਦੇਣ ਕਾਰਨ ਆਰ. ਐੱਸ. ਐੱਸ. ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਉਮਰ ਪ੍ਰਤੀ ਨਾਰਾਜ਼ਗੀ ਹੈ। ਉਨ੍ਹਾਂ ਨੇ ਇਹ ਕਹਿ ਕੇ ਨਾਰਾਜ਼ਗੀ ਮੁੱਲ ਲੈ ਲਈ ਕਿ ਜੰਮੂ ਅਤੇ ਕਸ਼ਮੀਰ ਅਣਸੁਲਝਿਆ ਮੁੱਦਾ ਹੈ। ਵਰਣਨਯੋਗ ਹੈ ਕਿ ਮੁਖ ਮੰਤਰੀ ਨਿਯਮਤ ਤੌਰ ‘ਤੇ ਅਜਮੇਰ ਸ਼ਰੀਫ ਦੀ ਯਾਤਰਾ ਕਰਦੇ ਹਨ। ਉਹ ਵਿਧਾਨ ਸਭਾ ਦਾ ਬਜਟ ਸੈਸ਼ਨ ਖਤਮ ਹੋਣ ਦੇ ਬਾਅਦ ਸਰਦ ਰੁੱਤ ਰਾਜਧਾਨੀ ਜੰਮੂ ਤੋਂ ਦਿੱਲੀ ਲਈ ਰਵਾਨਾ ਹੋਏ ਸਨ। ਇਸੇ ਦੌਰਾਨ ਕੁਝ ਘੰਟੇ ਉਹ ਅਜਮੇਰ ਵਿਚ ਰੁਕੇ।
 
Top