ਬਾਬਾ ਰਾਮਦੇਵ ‘ਤੇ ਸੁੱਟੀ ਗਈ ਜੁੱਤੀ

ਨਾਗਪੁਰ, 26 ਮਾਰਚ (ਇੰਟ.)¸ ਬਾਬਾ ਰਾਮਦੇਵ ‘ਤੇ ਜੁੱਤੀ ਸੁੱਟਣ ਦੀ ਘਟਨਾ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਭਾਰਤ ਸਵੈਮਾਨ ਟਰੱਸਟ ਅਤੇ ਪਤੰਜਲੀ ਯੋਗ ਕਮੇਟੀ ਵਲੋਂ ਸਥਾਨਕ ਰੇਸ਼ਮ ਬਾਗ ਵਿਖੇ ਆਯੋਜਿਤ ਰੈਲੀ ਦੌਰਾਨ ਸੀ. ਆਰ. ਪੀ. ਐੱਫ. ਦੇ ਇਕ ਜਵਾਨ 26 ਸਾਲਾ ਮਿੱਤੂ ਸਿੰਘ ਨੇ ਜ਼ੈੱਡ ਸ਼੍ਰੇਣੀ ਸੁਰੱਖਿਆ ਪ੍ਰਾਪਤ ਬਾਬਾ ਰਾਮਦੇਵ ‘ਤੇ ਜੁੱਤੀ ਸੁੱਟੀ ਸੀ। ਉਸ ਨੇ ਇਹ ਜੁੱਤੀ ਉਸ ਵੇਲੇ ਸੁੱਟੀ ਜਦੋਂ ਬਾਬਾ ਰਾਮਦੇਵ ਸਿਆਸਤ ਬਾਰੇ ਬੋਲ ਰਹੇ ਸਨ। ਕੋਤਵਾਲੀ ਪੁਲਸ ਨੇ ਮਿੱਤੂ ਸਿੰਘ ਕੋਲੋਂ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ। ਸ਼ਹਿਰ ਦੇ ਵਿਧਾਇਕ ਰਵੀ ਰਾਣਾ ਨੇ ਪੁਲਸ ਕਮਿਸ਼ਨਰ ਡਾ. ਅੰਕੁਸ਼ ਵਿਰੁੱਧ ਸੂਬੇ ਦੇ ਗ੍ਰਹਿ ਮੰਤਰੀ ਆਰ. ਆਰ. ਪਾਟਿਲ ਕੋਲ ਸ਼ਿਕਾਇਤ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਉਨ੍ਹਾਂ ਦੀ ਰੈਲੀ ਦਾ ਪ੍ਰਬੰਧ ਕਰਨ ਵਾਲੇ ਸਹਾਇਕ ਪੁਲਸ ਕਮਿਸ਼ਨਰ ਅਤੇ ਇਕ ਥਾਣੇਦਾਰ ਦੀ ਮੁਅੱਤਲੀ ਦੀ ਮੰਗ ਵੀ ਕੀਤੀ ਗਈ ਹੈ। ਜੁੱਤੀ ਸੁੱਟਣ ਦੀ ਘਟਨਾ ਕੋਈ ਨਵੀਂ ਨਹੀਂ ਹੈ। ਸਭ ਤੋਂ ਪਹਿਲਾਂ ਇਰਾਕ ‘ਚ ਇਕ ਪੱਤਰਕਾਰ ਨੇ ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ‘ਤੇ ਜੁੱਤੀ ਸੁੱਟੀ ਸੀ।
 
Top