ਫਿਦਾਈਨ ਹਮਲੇ ‘ਚ ਪਾਕਿ ਦੇ ਕਬਾਇਲੀ ਆਗੂ ਸਮੇਤ 8 ਹਲਾਕ

ਪੇਸ਼ਾਵਰ, 4 ਅਪ੍ਰੈਲ (ਭਾਸ਼ਾ)¸ ਉੱਤਰ ਪੱਛਮੀ ਪਾਕਿਸਤਾਨ ਦੇ ਹੇਠਲੇ ਦੀਰ ਇਲਾਕੇ ਵਿਚ ਇਕ ਬੱਸ ਅੱਡੇ ‘ਤੇ ਫਿਦਾਈਨ ਬੰਬ ਹਮਲਾਵਰ ਵਲੋਂ ਧਮਾਕਾ ਕਰ ਦੇਣ ਤੋਂ ਬਾਅਦ ਇਕ ਕਬਾਇਲੀ ਨੇਤਾ ਸਮੇਤ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 70 ਹੋਰ ਫੱਟੜ ਹੋ ਗਏ। ਇਹ ਹਮਲਾ ਕਬਾਇਲੀ ਨੇਤਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਮਲਾ ਖੈਬਰ ਪਖਤੂਨਖਵਾ ਸੂਬੇ ਦੇ ਦੀਰ ਜ਼ਿਲੇ ਦੇ ਜੰਡੋਲਮੁੰਡਾ ਖੇਤਰ ਸਥਿਤ ਬੱਸ ਅੱਡੇ ’ਤੇ ਦੁਪਹਿਰ ਸਮੇਂ ਹੋਇਆ। ਜ਼ਿਲਾ ਪੁਲਸ ਮੁਖੀ ਸਲੀਮ ਮਾਰਵਾਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਮਲੇ ‘ਚ ਕਬਾਇਲੀ ਨੇਤਾ ਮਲਿਕ ਸੂਫੀ ਮੁਹੰਮਦ ਅਕਬਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਆਤਮਘਾਤੀ ਹਮਲਾਵਰ ਪੈਦਲ ਹੀ ਬੱਸ ਅੱਡੇ ਤਕ ਆਇਆ ਅਤੇ ਉਸ ਨੇ ਪਾਰਕਿੰਗ ਖੇਤਰ ਵਿਚ ਧਮਾਕਾ ਕੀਤਾ। ਸੁਰੱਖਿਆ ਦਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੂੰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਡਰ ਹੈ ਕਿਉਂਕਿ ਕੁਝ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਹੈ। ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
ਇਸ ਦੌਰਾਨ ਬੀਤੀ ਰਾਤ ਸੂਫੀ ਦਰਗਾਹ ‘ਤੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 50 ‘ਤੇ ਪਹੁੰਚ ਗਈ ਹੈ। ਡੇਰਾ ਗਾਜੀ ਖਾਂ ਕੋਲ ਸਥਿਤ ਮਸ਼ਹੂਰ ਸਾਖੀ ਸਰਵਰ ਦਰਬਾਰ ਵਿਚ ਕੱਲ 2 ਆਤਮਘਾਤੀ ਹਮਲਾਵਰਾਂ ਨੇ ਧਮਾਕੇ ਕੀਤੇ ਸਨ। ਉਸ ਵੇਲੇ ਉਥੇ ਲੋਕੀ ਵੱਡੀ ਗਿਣਤੀ ‘ਚ ਮੌਜੂਦ ਸਨ ਅਤੇ ਦਰਗਾਹ ਦੀ 13ਵੀਂ ਸ਼ਤਾਬਦੀ ਦੇ ਮੌਕੇ ‘ਤੇ ਆਯੋਜਨ ਸਮਾਰੋਹ ਵਿਚ ਹਿੱਸਾ ਲੈਣ ਪਹੁੰਚੇ ਹੋਏ ਸਨ।
 
Top