ਆਈ. ਪੀ. ਐੱਲ.-4 ‘ਚ ਵਿਟੋਰੀ ਕਰੇਗਾ ਆਰ. ਸੀ. ਬੀ. ਦੀ ਅਗਵਾਈ

ਬੰਗਲੌਰ, 5 ਅਪ੍ਰੈਲ (ਭਾਸ਼ਾ)-ਨਿਊਜ਼ੀਲੈਂਡ ਦਾ ਡੇਨੀਅਲ ਵਿਟੋਰੀ 8 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. -4 ਵਿਚ ਰਾਇਲ ਚੈਲੰਜਰਸ ਬੰਗਲੌਰ (ਆਰ. ਸੀ. ਬੀ.) ਦੀ ਅਗਵਾਈ ਕਰੇਗਾ। ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਦੀ ਕਪਤਾਨੀ ਕਰਨ ਵਾਲਾ ਵਿਟੋਰੀ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਦੀ ਜਗ੍ਹਾ ਲਵੇਗਾ, ਜਿਸਨੇ ਇਸ ਟਵੰਟੀ-20 ਲੀਗ ਦੇ ਪਿਛਲੇ ਦੋ ਸੈਸ਼ਨਾਂ ਵਿਚ ਟੀਮ ਦੀ ਅਗਵਾਈ ਕੀਤੀ ਸੀ। ਕੁੰਬਲੇ ਵੀ ਚੀਫ ਮੈਨਟੋਰ ਦੇ ਤੌਰ ‘ਤੇ ਟੀਮ ਨਾਲ ਜੁੜਿਆ ਰਹੇਗਾ। ਆਰ. ਸੀ. ਬੀ. ਮੁਖੀ ਵਿਜੇ ਮਾਲਿਆ ਨੇ ਕਿਹਾ ਕਿ ਅਸੀਂ ਅਗਲੇ ਸੈਸ਼ਨ ਲਈ ਕਾਫੀ ਉਤਸ਼ਾਹਿਤ ਹਾਂ। ਵਿਟੋਰੀ ਕਾਫੀ ਅਨੁਭਵੀ ਅਤੇ ਸਨਮਾਨਿਤ ਕਪਤਾਨ ਹੈ ਅਤੇ ਸਾਨੂੰ ਉਮੀਦ ਹੈ ਕਿ ਉਸਦੀ ਅਗਵਾਈ ਵਿਚ ਇਸ ਵਾਰ ਅਸੀਂ ਆਈ. ਪੀ. ਐੱਲ. ਵਿਚ ਚੋਟੀ ਉਤੇ ਪਹੁੰਚਾਂਗੇ। ਆਈ. ਸੀ. ਸੀ. ਦੇ ਦਾਨ ਤੋਂ ਐੱਨ. ਜ਼ੈੱਡ. ਸੀ. ਖੁਸ਼ : ਨਿਊਜ਼ੀਲੈਂਡ ਕ੍ਰਿਕਟ (ਐੱਨ. ਜ਼ੈੱਡ. ਸੀ.) ਨੂੰ ਇਥੇ ਭੂਚਾਲ ਵਿਚ ਤਬਾਹ ਹੋਏ ਆਪਣੇ ਹੈੱਡਕੁਆਰਟਰ ਦੇ ਮੁੜ ਨਿਰਮਾਣ ਲਈ ਆਈ. ਸੀ. ਸੀ. ਤੋਂ 10 ਲੱਖ ਡਾਲਰ ਮਿਲਣ ਵਾਲੇ ਹਨ ਅਤੇ ਸਰਵਉੱਚ ਸੰਸਥਾ ਦੇ ਦਾਨ ਤੋਂ ਐੱਨ. ਜ਼ੈੱਡ. ਸੀ. ਦੇ ਅਧਿਕਾਰੀ ਖੁਸ਼ ਹਨ। ਐੱਨ. ਜ਼ੈੱਡ. ਸੀ. ਮੁਖੀ ਜਸਟਿਨ ਵਾਨ ਨੇ ਕਿਹਾ ਕਿ ਆਈ. ਸੀ. ਸੀ. ਦਾ ਇਹ ਕਾਫੀ ਚੰਗਾ ਕਦਮ ਹੈ। ਮੈਨੂੰ ਪਤਾ ਹੈ ਕਿ ਫਰਵਰੀ ਦੇ ਅਖੀਰ ਵਿਚ ਕ੍ਰਾਈਸਟ ਚਰਚ ਵਿਚ ਜੋ ਹੋਇਆ, ਉਸ ਤੋਂ ਉਹ ਕਾਫੀ ਦੁਖੀ ਅਤੇ ਪ੍ਰੇਸ਼ਾਨ ਸਨ। 22 ਫਰਵਰੀ ਨੂੰ ਇਥੇ ਆਏ ਭੂਚਾਲ ਵਿਚ 180 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
 
Top