ਰੋਬਕ ਦੀ ਵਿਸ਼ਵ ਕੱਪ ਟੀਮ ‘ਚ 4 ਭਾਰਤੀ

ਮੈਲਬੋਰਨ, 5 ਅਪ੍ਰੈਲ (ਭਾਸ਼ਾ)-ਮਹਿੰਦਰ ਸਿੰਘ ਧੋਨੀ ਭਾਵੇਂ ਹੀ ਆਈ. ਸੀ. ਸੀ. ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ ਹੋਵੇ ਪਰ ਮਸ਼ਹੂਰ ਕ੍ਰਿਕਟ ਪੱਤਰਕਾਰ ਪੀਟਰ ਰੋਬਕ ਨੇ ਆਪਣੀ 12 ਮੈਂਬਰੀ ਟੀਮ ਵਿਚ ਭਾਰਤੀ ਕਪਤਾਨ ਨੂੰ ਜਗ੍ਹਾ ਦਿੱਤੀ ਹੈ। ਇਸ ਟੀਮ ਵਿਚ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਵੀ ਸ਼ਾਮਲ ਹੈ। ਰੋਬਕ ਦੀ ਵਿਸ਼ਵ ਕੱਪ ਇਲੈਵਨ ਵਿਚ ਧੋਨੀ ਅਤੇ ਤੇਂਦੁਲਕਰ ਤੋਂ ਇਲਾਵਾ ਮੈਨ ਆਫ ਦਿ ਟੂਰਨਾਮੈਂਟ ਯੁਵਰਾਜ ਸਿੰਘ ਅਤੇ ਸਾਂਝੇ ਤੌਰ ‘ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਜ਼ਹੀਰ ਖਾਨ ਸ਼ਾਮਲ ਹੈ। ਤੇਂਦੁਲਕਰ, ਯੁਵਰਾਜ ਅਤੇ ਜ਼ਹੀਰ ਨੂੰ ਆਈ. ਸੀ. ਸੀ. ਦੀ ਵਿਸ਼ਵ ਕੱਪ ਇਲੈਵਨ ਵਿਚ ਵੀ ਜਗ੍ਹਾ ਮਿਲੀ ਸੀ। ਕੁਮਾਰ ਸੰਗਾਕਾਰਾ, ਸਲਾਮੀ ਬੱਲੇਬਾਜ਼ ਤਿਲਕਰਤਨੇ ਦਿਲਸ਼ਾਨ ਅਤੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਟੀਮ ਵਿਚ ਸ਼ਾਮਿਲ ਤਿੰਨ ਸ਼੍ਰੀਲੰਕਾਈ ਖਿਡਾਰੀ ਹਨ। ਨਿਊਜ਼ੀਲੈਂਡ ਦੇ ਰੋਸ ਟੇਲਰ, ਦੱਖਣੀ ਅਫਰੀਕਾ ਦੇ ਏ. ਬੀ. ਡਿਵਿਲੀਅਰਸ, ਪਾਕਿਸਤਾਨੀ ਕਪਤਾਨ ਸ਼ਾਹਿਦ ਅਫਰੀਦੀ ਅਤੇ ਜ਼ਿੰਬਾਬਵੇ ਦੇ ਸਪਿਨਰ ਰੇ ਪ੍ਰਾਈਸ ਨੂੰ ਵੀ ਰੋਬਕ ਨੇ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਹਾਲੈਂਡ ਦੇ ਰਿਆਨ ਟੇਨ ਡੋਏਸ਼ੇਟ ਨੇ 12ਵੇਂ ਖਿਡਾਰੀ ਦੀ ਦੌੜ ਵਿਚ ਆਸਟ੍ਰੇਲੀਆ ਦੇ ਸ਼ੇਨ ਵਾਟਸਨ ਅਤੇ ਨਿਊਜ਼ੀਲੈਂਡ ਦੇ ਜੈਕਬ ਓਰਮ ਨੂੰ ਪਛਾੜਿਆ। ਇਹ 12 ਮੈਂਬਰੀ ਟੀਮ ‘ਸਿਡਨੀ ਮਾਰਨਿੰਗ ਹੇਰਾਲਡ’ ਵਿਚ ਐਲਾਨੀ ਗਈ।
 
Top