31 ਮਾਰਚ ਤੋਂ ਨਹੀਂ ਚੱਲਣਗੇ 2005 ਤੋਂ ਪਹਿਲਾਂ ਦੇ ਨੋਟ

[JUGRAJ SINGH]

Prime VIP
Staff member
ਆਰ ਬੀ ਆਈ ਨੇ ਬੈਂਕਾਂ ਨੂੰ ਪੁਰਾਣੇ ਨੋਟ ਬਦਲਣ ਲਈ ਕਿਹਾ
ਮੁੰਬਈ, 22 ਜਨਵਰੀ (ਏਜੰਸੀ)-ਭਾਰਤੀ ਰਿਜ਼ਰਵ ਬੈਂਕ ਨੇ ਕਾਲੇ ਧਨ ਤੇ ਜਾਅਲੀ ਕਰੰਸੀ ਨੂੰ ਠੱਲ੍ਹ ਪਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਤਹਿਤ 31 ਮਾਰਚ, 2014 ਤੋਂ ਬਾਅਦ ਸਾਲ 2005 ਤੋਂ ਪਹਿਲਾਂ ਛਪੇ ਸਾਰੇ ਨੋਟਾਂ ਨੂੰ ਵਾਪਸ ਲੈ ਲਿਆ ਜਾਵੇਗਾ | ਇਸ 'ਚ 500 ਤੇ 1000 ਦੇ ਨੋਟ ਵੀ ਸ਼ਾਮਿਲ ਹੋਣਗੇ | ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 31 ਮਾਰਚ, 2014 ਤੋਂ ਬਾਅਦ ਆਰ. ਬੀ. ਆਈ. ਸਾਰੇ ਬੈਂਕਾਂ ਤੋਂ ਸਾਲ 2005 ਤੋਂ ਪਹਿਲਾਂ ਛਪੇ ਨੋਟ ਵਾਪਸ ਲੈ ਲਵੇਗਾ ਤੇ ਇਕ ਅਪ੍ਰੈਲ, 2014 ਤੋਂ ਲੋਕ ਆਪਣੇ ਨੋਟ ਬਦਲਣ ਲਈ ਬੈਂਕਾਂ ਕੋਲ ਪਹੁੰਚ ਕਰ ਸਕਦੇ ਹਨ | ਲੋਕ ਸਾਲ 2005 ਤੋਂ ਪਹਿਲਾਂ ਛਪੇ ਨੋਟਾਂ ਦੀ ਪਛਾਣ ਅਸਾਨੀ ਨਾਲ ਕਰ ਸਕਦੇ ਹਨ, ਕਿਉਂਕਿ ਇਨ੍ਹਾਂ ਨੋਟਾਂ ਦੇ ਪਿਛਲੇ ਪਾਸੇ ਇਨ੍ਹਾਂ ਦੇ ਛਪਣ ਦਾ ਸਾਲ ਨਹੀਂ ਲਿਖਿਆ, ਜਦੋਂ ਕਿ ਸਾਲ 2005 ਤੋਂ ਬਾਅਦ ਛਪੇ ਨੋਟਾਂ ਦੇ ਪਿਛਲੇ ਪਾਸੇ ਛੋਟੇ ਅੱਖਰਾਂ 'ਚ ਇਨ੍ਹਾਂ ਦੇ ਛਪਣ ਦਾ ਸਾਲ ਲਿਖਿਆ ਹੋਇਆ ਹੈ | ਆਰ. ਬੀ. ਆਈ. ਨੇ ਕਿਹਾ ਕਿ ਪੁਰਾਣੇ ਨੋਟ ਕਾਨੂੰਨੀ ਹੀ ਰਹਿਣਗੇ ਤੇ ਇਕ ਅਪ੍ਰੈਲ ਤੋਂ ਬਾਅਦ ਇਹ ਕਿਸੇ ਵੀ ਬੈਂਕ ਤੋਂ ਬਦਲੇ ਜਾ ਸਕਦੇ ਹਨ, ਜਦੋਂ ਕਿ 1 ਜੁਲਾਈ, 2014 ਤੋਂ ਬਾਅਦ 500 ਤੇ 1000 ਦੇ 10 ਤੋਂ ਵੱਧ ਨੋਟ ਬਦਲਣ ਵਾਲੇ ਨੂੰ ਬੈਂਕ ਨੂੰ ਰਿਹਾਇਸ਼ ਦਾ ਸਬੂਤ ਦੇਣਾ ਪਵੇਗਾ | ਭਾਵੇਂ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਸਾਲ 2005 ਤੋਂ ਪਹਿਲਾਂ ਛਪੇ ਨੋਟਾਂ ਨੂੰ ਵਾਪਸ ਲੈਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਪਰ ਇਸ ਨੂੰ ਕਾਲੇ ਧਨ ਨੂੰ ਬਾਹਰ ਲਿਆਉਣ ਲਈ ਚੁੱਕਿਆ ਕਦਮ ਕਿਹਾ ਜਾ ਰਿਹਾ ਹੈ | ਇਸ ਤੋਂ ਇਲਾਵਾ ਨਵੇਂ ਨੋਟਾਂ 'ਚ ਕੁਝ ਹੋਰ ਸੁਰੱਖਿਆ ਚਿੰਨ੍ਹ ਸ਼ਾਮਿਲ ਕੀਤੇ ਗਏ ਹਨ ਤਾਂ ਕਿ ਜਾਅਲੀ ਕਰੰਸੀ ਨੂੰ ਠੱਲ੍ਹ ਪਾਈ ਜਾ ਸਕੇ |
 
Top