Punjab News ਫੂਲਕਾ 26 ਸਾਲ ਕਮਲ ਨਾਥ ਬਾਰੇ ਚੁੱਪ ਕਿਉਂ ਰਹੇ: ਸਰਨਾ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੰਗਾ ਪੀੜਤਾਂ ਦੇ ਕੇਸ ਲੜਨ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ’ਤੇ ਮੋੜਵਾਂ ਵਾਰ ਕਰਦੇ ਹੋਏ ਕਿਹਾ ਹੈ ਕਿ ਦਿੱਲੀ ਦੰਗਿਆਂ ਵਿਚ ਹੁਣ ਕਾਂਗਰਸੀ ਨੇਤਾ ਕਮਲ ਨਾਥ ਦੀ ਸ਼ਮੂਲੀਅਤ ਦਾ ਮੁੱਦਾ ਉਠਾਉਣ ਵਾਲੇ ਸ੍ਰੀ ਫੂਲਕਾ ਜੁਆਬ ਦੇਣ ਕਿ ਉਹ 26 ਸਾਲ ਇਸ ਕਾਂਗਰਸੀ ਨੇਤਾ ਬਾਰੇ ਚੁੱਪ ਕਿਉਂ ਰਹੇ? ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਦਿੱਲੀ ਕਮੇਟੀ ਦਿੱਲੀ ਦੰਗਾ ਪੀੜਤਾਂ ਲਈ ਰਾਜਸੀ ਅਤੇ ਕਾਨੂੰਨੀ ਪੱਧਰ ’ਤੇ ਲੜਾਈ ਲੜ ਰਹੀ ਹੈ, ਲੜਦੀ ਰਹੇਗੀ ਅਤੇ ਇਸ ਲੜਾਈ ਨੂੰ ਕਿਸੇ ਸਿੱਟੇ ’ਤੇ ਪਹੁੰਚਾਇਆ ਜਾਵੇਗਾ।
ਸ੍ਰੀ ਸਰਨਾ ਨੇ ਕਿਹਾ ਹੈ ਕਿ ਅਸਲ ਵਿਚ ਸ੍ਰੀ ਫੂਲਕਾ ਨੂੰ ਤੜਫ਼ ਉਸ ਕਮਿਸ਼ਨ ਤੋਂ ਹੋਈ ਹੈ ਜਿਹੜਾ ਇਹ ਪੜਤਾਲ ਕਰੇਗਾ ਕਿ ਏਨੇ ਸਾਲਾਂ ਵਿਚ ਕਿਸੇ ਦੋਸ਼ੀ ਨੂੰ ਸਜ਼ਾ ਨਾ ਮਿਲਣ ਅਤੇ ਪੀੜਤਾਂ ਨੂੰ ਇਨਸਾਫ ਨਾ ਮਿਲ ਸਕਣ ਦੇ ਕਿਹੜੇ ਕਾਰਨ ਹਨ। ਇਹ ਪਤਾ ਲਾਇਆ ਜਾਵੇਗਾ ਕਿ ਕਿਸ ਪੱਧਰ ’ਤੇ ਘਾਟ ਰਹਿ ਗਈ ਹੈ। ਇਸ ਬਾਰੇ ਪੰਜ ਮਈ ਦੀ ਕਾਰਜਕਾਰਨੀ ਨੇ ਉਨ੍ਹਾਂ ਨੂੰ ਕਮਿਸ਼ਨ ਬਣਾਉਣ ਦੇ ਅਧਿਕਾਰ ਦੇ ਦਿੱਤੇ ਸਨ। ਸੱਤ ਮਈ ਨੂੰ ਕਮਿਸ਼ਨ ਬਣਾ ਦਿਤਾ ਗਿਆ। ਇਨ੍ਹਾਂ ਮੈਂਬਰਾਂ ਵਿਚ ਜਸਟਿਸ ਪੀ. ਐਸ. ਦੁਆਬੀਆ ਅਤੇ ਸ੍ਰੀ ਫੂਲਕਾ ਵੀ ਸ਼ਾਮਲ ਸਨ। ਸ੍ਰੀ ਜਸਵੰਤ ਸਿੰਘ ਮਾਨ (ਚੰਡੀਗੜ੍ਹ) ਇਸ ਦੇ ਸਕੱਤਰ ਬਣਾਏ ਗਏ। ਉਸ ਵੇਲੇ ਸ੍ਰੀ ਫੂਲਕਾ ਕਮਿਸ਼ਨ ਨਾਲ ਸਹਿਮਤ ਸਨ। ਉਨ੍ਹਾਂ ਕਿਹਾ ਕਿ 11 ਮਈ ਨੂੰ ਸ੍ਰੀ ਫੂਲਕਾ ਦੀ ਰਿਪੋਰਟ ਆਈ ਕਿ ਪਾਰਲੀਮੈਂਟ ਥਾਣੇ ਵਿਚ ਸ੍ਰੀ ਕਮਲ ਨਾਥ ਵਿਰੁੱਧ ਕੇਸ ਦਰਜ ਕਰਵਾਇਆ ਜਾਵੇ। ਸ੍ਰੀ ਫੂਲਕਾ ਨੇ ਇਹ ਵੀ ਲਿਖਿਆ ਸੀ ਕਿ ਇਹ ਰਿਪੋਰਟ ਜੱਜਾਂ ਨੂੰ ਵੀ ਵਿਖਾਈ ਗਈ ਹੈ। ਸ੍ਰੀ ਕਮਲ ਨਾਥ ਕੇਂਦਰੀ ਮੰਤਰੀ ਹਨ ਅਤੇ ਸੰਜੇ ਗਾਂਧੀ ਦੇ ਸਮੇਂ ਤੋਂ ਕਾਂਗਰਸ ਵਿਚ ਸਰਗਰਮ ਨੇਤਾ ਹਨ। ਸ੍ਰੀ ਸਰਨਾ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦਾ ਪੱਤਰ ਸ੍ਰੀ ਫੂਲਕਾ ਵਲੋਂ ਆਇਆ ਹੀ ਸੀ ਕਿ ਨਾਲ ਹੀ ਬਾਦਲ ਪਰਿਵਾਰ ਦਾ ਇਕ ਚੈਨਲ ਉਨ੍ਹਾਂ ਦਾ ਇੰਟਰਵਿਊ ਲੈਣ ਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਇਹ ਤਾਂ ਕੋਈ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਉਨ੍ਹਾਂ ਨੇ ਇੰਟਰਵਿਊ ਤੋਂ ਜੁਆਬ ਦੇ ਦਿੱਤਾ ਪਰ ਦੂਜੇ ਦਿਨ ਚੈਨਲ ਦੀ ਟੀਮ ਫਿਰ ਆ ਗਈ। ਉਨ੍ਹਾਂ ਨੇ ਜਸਟਿਸ ਦੁਆਬੀਆ ਅਤੇ ਜਸਟਿਸ ਕੁਲਦੀਪ ਸਿੰਘ ਨਾਲ ਗੱਲ ਕੀਤੀ। ਸ੍ਰੀ ਸਰਨਾ ਨੇ ਚੈਨਲ ਨੂੰ ਵੀ ਕਿਹਾ ਕਿ ਉਹ ਦੋਵਾਂ ਜੱਜਾਂ ਦੀ ਲਿਖਤੀ ਰਾਇ ਲੈਣਗੇ ਅਤੇ ਉਨ੍ਹਾਂ ਨੂੰ ਕਿਸੇ ਸਾਜ਼ਿਸ਼ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ 26 ਸਾਲ ਤਾਂ ਸ੍ਰੀ ਕਮਲ ਨਾਥ ਬਾਰੇ ਸ੍ਰੀ ਫੂਲਕਾ ਚੁੱਪ ਰਹੇ ਪਰ ਹੁਣ ਅਚਾਨਕ ਉਸ ਦੇ ਕੇਸ ਦਾ ਮੁੱਦਾ ਖੜ੍ਹਾ ਕਰ ਲਿਆ। ਉਨ੍ਹਾਂ ਕਿਹਾ ਕਿ ਉਸੇ ਹੀ ਸ਼ਾਮ ਉਸ ਚੈਨਲ ’ਤੇ ਸ੍ਰੀ ਫੂਲਕਾ ਅਤੇ ਅਕਾਲੀ ਦਲ (ਬਾਦਲ) ਦੇ ਨੇਤਾ ਮਨਜੀਤ ਸਿੰਘ ਜੀ. ਕੇ. ਦੀ ਬਹਿਸ ਆ ਗਈ ਅਤੇ ਉਸ ਵਿਚ ‘‘ਮੇਰੇ ’ਤੇ ਦੋਸ਼ ਲਗਾਏ ਗਏ।’’ ਚੈਨਲ ਨੇ ਉਨ੍ਹਾਂ ਦੀ ਟਿੱਪਣੀ ਵੀ ਨਾਲ ਦੇ ਦਿੱਤੀ। ਸ੍ਰੀ ਸਰਨਾ ਨੇ ਕਿਹਾ ਹੈ ਕਿ ਪਿਛਲੇ 26 ਸਾਲ ਤੋਂ ਦਿੱਲੀ ਕਮੇਟੀ ਦੰਗਾ ਪੀੜਤਾਂ ਦਾ ਕੇਸ ਲੜ ਰਹੀ ਹੈ ਪਰ ਸ੍ਰੀ ਫੂਲਕਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨ ਲੱਗੇ ਹਨ ਜਿਹੜੀ ਕਿ ਦੋ ਸਾਲ ਤੋਂ ਪਹਿਲਾਂ ਇਨ੍ਹਾਂ ਕੇਸਾਂ ਵਿਚ ਨਜ਼ਰ ਨਹੀਂ ਆਈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਨੇ ਨਾਨਾਵਤੀ ਕਮਿਸ਼ਨ ਮੁੱਦੇ ’ਤੇ 88 ਲੱਖ ਰੁਪਏ ਖਰਚ ਕੀਤੇ। ਸਾਢੇ ਅੱਠ ਲੱਖ ਰੁਪਏ ਸ੍ਰੀ ਫੂਲਕਾ ਦੇ ਦਫਤਰ ਲਈ ਖਰਚ ਹੋਏ। ਉਨ੍ਹਾਂ ਨੇ ਇਹ ਮੰਨਿਆ ਕਿ ਸ੍ਰੀ ਫੂਲਕਾ ਨੇ ਇਨ੍ਹਾਂ ਕੇਸਾਂ ਦੀ ਕੋਈ ਫੀਸ ਨਹੀਂ ਲਈ। ਉਨ੍ਹਾਂ ਨੇ ਸ੍ਰੀ ਫੂਲਕਾ ਨੂੰ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਾ ਬਹਾਨਾ ਬਣਾ ਕੇ ਕੇਸ ਕਮਜ਼ੋਰ ਨਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ੍ਰੀ ਫੂਲਕਾ ਉਸ ਵਿਅਕਤੀ ’ਤੇ ਦੋਸ਼ ਲਗਾ ਰਹੇ ਹਨ ਜਿਸ ਨੇ ਇਹ ਪਤਾ ਲਾਉਣ ਲਈ ਕਮਿਸ਼ਨ ਬਣਾਇਆ ਹੈ ਕਿ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਵਿਚ ਕਿਥੇ ਕਮਜ਼ੋਰੀ ਰਹਿ ਗਈ। ਸ੍ਰੀ ਸਰਨਾ ਨੇ ਕਿਹਾ ਹੈ ਕਿ ਸ੍ਰੀ ਫੂਲਕਾ ਝੂਠ ਬੋਲ ਰਹੇ ਹਨ ਅਤੇ ਗਲਤਬਿਆਨੀ ਕਰ ਰਹੇ ਹਨ। 17 ਜੁਲਾਈ ਨੂੰ ਗੁਰੂ ਹਰਕ੍ਰਿਸ਼ਨ ਮੈਡੀਕਲ ਟਰੱਸਟ ਦੀ ਸ਼ਾਮੀਂ ਮੀਟਿੰਗ ਹੋਈ ਸੀ। ਸ੍ਰੀ ਫੂਲਕਾ ਦਾ ਸੁਨੇਹਾ ਆਇਆ ਕਿ ਟਰੱਸਟ ਦੇ ਚੇਅਰਮੈਨ ਨਾ ਹੋਣ ਕਾਰਨ ਮੀਟਿੰਗ ਨਹੀਂ ਹੋ ਸਕਦੀ ਪਰ ਟਰੱਸਟ ਦੇ ਚੇਅਰਮੈਨ ਦਾ ਬਾਅਦ ਵਿਚ ਸੁਨੇਹਾ ਆ ਗਿਆ ਕਿ ਉਹ ਤਾਂ ਸਿੰਗਾਪੁਰ ਹਨ ਅਤੇ ਮੀਟਿੰਗ ਮੁਲਤਵੀ ਨਾ ਕੀਤੀ ਜਾਵੇ। ਇਹ ਮੀਟਿੰਗ ਫਿਰ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰੀ ਸਰਨਾ ਦੀ ਅਗਵਾਈ ਹੇਠ ਹੋਈ। ਸ੍ਰੀ ਫੂਲਕਾ ਇਥੇ ਆਪਣੇ ਦੋਸ਼ਾਂ ਦੀ ਗੱਲ ਕਰਨੀ ਚਾਹੁੰਦੇ ਸਨ, ਪਰ ਫੈਸਲਾ ਹੋਇਆ ਕਿ ਮੀਟਿੰਗ ਕੇਵਲ ਹਸਪਤਾਲ ਦੇ ਏਜੰਡੇ ’ਤੇ ਹੀ ਹੋਵੇਗੀ। ਮੀਟਿੰਗ ਬਾਅਦ ਸ੍ਰੀ ਫੂਲਕਾ ਨੇ ਗੱਲ ਕੀਤੀ ਤਾਂ ਸ੍ਰੀ ਸਰਨਾ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਆ ਕੇ ਗੱਲ ਹੋ ਸਕਦੀ ਹੈ ਜਾਂ ਹੋਰ ਕਿਸੇ ਵੀ ਥਾਂ ਉਹ ਜਾਣ ਲਈ ਤਿਆਰ ਹਨ। ਸ੍ਰੀ ਸਰਨਾ ਨੇ ਇਹ ਵੀ ਕਿਹਾ ਕਿ ਸ੍ਰੀ ਫੂਲਕਾ ਨੇ ਪਹਿਲਾਂ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੇ ਚਿੱਟੇ ਕੱਪੜਿਆਂ ’ਤੇ ਸੂਈ ਦੇ ਨੱਕੇ ਜਿੰਨਾ ਵੀ ਦਾਗ਼ ਨਹੀਂ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸ੍ਰੀ ਫੂਲਕਾ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਕੋਈ ਦੋਸ਼ ਨਹੀਂ ਲਗਾਏ ਹਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਬੇਇੱਜ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਖਰ ਸ੍ਰੀ ਫੂਲਕਾ ਮੀਟਿੰਗ ਖਤਮ ਹੋਣ ’ਤੇ ਚਲੇ ਗਏ ਕਿਉਂ ਜੋ ਮੀਟਿੰਗ ਬਾਅਦ ਸ੍ਰੀ ਫੂਲਕਾ ਅਤੇ ਦੂਜੇ ਆਗੂ ਇਕ ਦੂਜੇ ਦੀ ਹਾਜ਼ਰੀ ਕਾਰਨ ਸੁਖਾਵਾਂ ਮਹਿਸੂਸ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਫੂਲਕਾ ਨੂੰ ਉਨ੍ਹਾਂ ਦੀ ਭਾਜਪਾ ਤੋਂ ਦੂਰੀ ਅਤੇ ਕਾਂਗਰਸ ਨਾਲ ਨੇੜਤਾ ਦੀ ਤਕਲੀਫ ਹੈ। ਸ੍ਰੀ ਸਰਨਾ ਨੇ ਦਾਅਵਾ ਕੀਤਾ ਹੈ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਦੀਆਂ ਟਿਕਟਾਂ ਉਨ੍ਹਾਂ ਦੇ ਦਬਾਅ ਕਾਰਨ ਹੀ ਕਾਂਗਰਸ ਨੇ ਕੱਟੀਆਂ ਸਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੀ ਮੁੱਖ ਮੰਤਰੀ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਕਾਂਗਰਸ ਨੇ ਇਹ ਦੋ ਟਿਕਟਾਂ ਦਿੱਤੀਆਂ ਤਾਂ ਇਥੇ ਦਿੱਲੀ ਅਕਾਲੀ ਦਲ ਮਦਦ ਨਹੀਂ ਕਰੇਗਾ ਪਰ ਬਾਕੀ ਸਾਰੀਆਂ ਸੀਟਾਂ ਲਈ ਕਰੇਗਾ। ਇਸ ’ਤੇ ਯੂ. ਪੀ. ਏ. ਦੀ ਨੇਤਾ ਸੋਨੀਆ ਗਾਂਧੀ ਨੇ ਸਹਿਮਤ ਹੋ ਕੇ ਇਹ ਦੋ ਟਿਕਟਾਂ ਕੱਟੀਆਂ ਸਨ। ਉਨ੍ਹਾਂ ਕਿਹਾ ‘‘ਮੇਰੀ ਪੈਰਵੀ ਨਾਲ ਹੀ ਸੱਜਣ ਕੁਮਾਰ ਅਤੇ ਟਾਈਟਲਰ ’ਤੇ ਕੇਸ ਮੁੜ ਖੁਲ੍ਹੇ’’। ਉਨ੍ਹਾਂ ਇਹ ਵੀ ਆਖਿਆ ਕਿ ਦਿੱਲੀ ਪਿਛਲੇ ਦਿਨੀਂ ਵਿਸ਼ਵ ਸਿੱਖ ਕਨਵੈਨਸ਼ਨ ਬੁਲਾਈ ਗਈ ਸੀ ਤਾਂ ਉਨ੍ਹਾਂ ਸਾਰੀਆਂ ਮੀਟਿੰਗਾਂ ਵਿਚ ਸ੍ਰੀ ਫੂਲਕਾ ਆਏ ਹਨ ਅਤੇ ਉਨ੍ਹਾਂ ਦੀਆਂ ਗੱਲਾਂ ਦੇ ਜੁਆਬ ਵੀ ਮਿਲੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਅਜੇ ਕਈ ਮੁੱਦਿਆਂ ’ਤੇ ਉਹ ਚੁੱਪ ਹਨ, ਪਰ ਜੇਕਰ ਸ੍ਰੀ ਫੂਲਕਾ ਨਾ ਹਟੇ ਤਾਂ ਉਹ ਸਾਰੇ ਮਾਮਲੇ ਸਿੱਖ ਸੰਗਤ ਅੱਗੇ ਪੇਸ਼ ਕਰਨਗੇ।
 
Top