ਅੰਡੇਮਾਨ ਕਿਸ਼ਤੀ ਹਾਦਸੇ 'ਚ ਮੌਤਾਂ ਦੀ ਗਿਣਤੀ 22 ਤੱਕ

[JUGRAJ SINGH]

Prime VIP
Staff member
ਪੋਰਟ ਬਲੇਅਰ/ਨਵੀਂ ਦਿੱਲੀ, 27 ਜਨਵਰੀ (ਏਜੰਸੀਆਂ)-ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਵਾਪਰੇ ਇਕ ਕਿਸ਼ਤੀ ਹਾਦਸੇ ਵਿਚ ਮਿ੍ਤਕਾਂ ਦੀ ਗਿਣਤੀ 22 ਹੋ ਗਈ ਹੈ | ਇਸ ਦਰਦਨਾਕ ਹਾਦਸੇ ਨੇ ਕਿਸ਼ਤੀ ਮਾਲਕਾਂ ਵਲੋਂ ਜਲਦੀ ਪੈਸਾ ਕਮਾਉਣ ਲਈ ਕੀਤੇ ਜਾਂਦੇ ਸੁਰੱਖਿਆ ਨਿਯਮਾਂ ਨਾਲ ਖਿਲਵਾੜ ਦੇ ਬਾਵਜੂਦ ਵੀ ਕੋਈ ਸਜ਼ਾ ਨਾ ਦੇਣ 'ਤੇ ਧਿਆਨ ਦਿਵਾਇਆ ਹੈ | ਇਹ ਹਾਦਸਾ ਕੱਲ੍ਹ ਬਾਅਦ ਦੁਪਹਿਰ ਉਦੋਂ ਵਾਪਰਿਆ ਜਦੋਂ ਪੋਰਟ ਬਲੇਅਰ ਤੋਂ 25 ਕਿਲੋਮੀਟਰ ਦੂਰ ਵਾਈਪਰ ਦੀਪ ਨਜ਼ਦੀਕ 45 ਸੈਲਾਨੀਆਂ ਨੂੰ ਲਿਜਾ ਰਹੀ ਇਕ ਸੈਲਾਨੀ ਕਿਸ਼ਤੀ 'ਐਕੂਆ ਮੈਰੀਨ' ਸਮੁੰਦਰ ਵਿਚ ਡੁੱਬ ਗਈ | ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਕੁਝ ਸਥਾਨਕ ਲੋਕਾਂ ਨੇ ਕਿਸ਼ਤੀ ਦੇ ਤੇਜ਼ੀ ਨਾਲ ਡੁੱਬਣ ਤੋਂ ਪਹਿਲਾਂ ਇਸ ਵਿਚ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ | ਸੂਤਰਾਂ ਅਨੁਸਾਰ ਕਿਸ਼ਤੀ 25 ਵਿਅਕਤੀਆਂ ਨੂੰ ਲਿਜਾਣ ਦੇ ਸਮਰੱਥ ਸੀ ਪਰ ਇਸ ਵਿਚ ਸਮਰੱਥਾ ਤੋਂ ਦੁੱਗਣੇ ਵਿਅਕਤੀ ਸਵਾਰ ਹੋਣ ਕਾਰਨ ਇਹ ਹਾਦਸਾ ਵਾਪਰਿਆ | ਦੋਸ਼ ਲਾਏ ਜਾ ਰਹੇ ਹਨ ਕਿ ਬਚਾਅ ਟੀਮਾਂ ਹਾਦਸੇ ਤੋਂ ਦੋ ਘੰਟੇ ਬਾਅਦ ਪੁੱਜੀਆਂ ਜਿਸ ਕਰਕੇ ਜਾਨੀ ਨੁਕਸਾਨ ਵਿਚ ਵਾਧਾ ਹੋਇਆ | ਹਾਦਸੇ ਦੇ ਸਹੀ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ | ਅੰਡੇਮਾਨ ਪ੍ਰਸ਼ਾਸਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਹਾਦਸੇ ਸਬੰਧੀ ਰਿਪੋਰਟ ਸੌਾਪ ਦਿੱਤੀ ਹੈ | ਇਸ ਹਾਦਸੇ ਵਿਚ 22 ਵਿਅਕਤੀਆਂ ਨੇ ਆਪਣੀ ਜਾਨ ਗੁਆ ਲਈ | 29 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ ਜਿਨ੍ਹਾਂ ਨੂੰ ਜੀ. ਬੀ. ਪੰਤ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ | ਬਚਾਅ ਟੀਮਾਂ ਨੇ 21 ਲਾਸ਼ਾਂ ਕੱਲ੍ਹ ਬਰਾਮਦ ਕੀਤੀਆਂ ਤੇ ਇਕ ਲਾਸ਼ ਅੱਜ ਸਵੇਰੇ ਬਰਾਮਦ ਕੀਤੀ | ਇਕ ਵਿਅਕਤੀ ਹਾਲੇ ਲਾਪਤਾ ਹੈ ਜਿਸ ਦੀ ਭਾਲ ਜਾਰੀ ਹੈ | ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ | ਜ਼ਿਆਦਾਤਰ ਮਰਨ ਵਾਲੇ ਕਾਂਚੀਪੁਰਮ ਨਾਲ ਸਬੰਧਿਤ ਸਨ | ਇਹ ਸਾਰੇ ਲੋਕ ਦੀਪਾਂ 'ਤੇ ਘੁੰਮਣ ਲਈ ਜਾ ਰਹੇ ਸਨ | ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਪ੍ਰਸ਼ਾਸਕ ਲੈਫ਼ਟੀਨੈਂਟ ਗਵਰਨਰ ਏ. ਕੇ. ਸਿੰਘ ਨੇ ਦੱਖਣੀ ਅੰਡੇਮਾਨ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਹਾਦਸੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ | ਲੈਫ਼ਟੀਨੈਂਟ ਗਵਰਨਰ ਏ. ਕੇ. ਸਿੰਘ ਨੇ ਮਿ੍ਤਕਾਂ ਦੇ ਵਾਰਸਾਂ ਨੂੰ ਇਕ ਲੱਖ ਰੁਪਏ ਹਰੇਕ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਕਿਸ਼ਤੀ ਦੇ ਮਾਲਕ ਸਮੇਤ 3 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ | ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੇ ਹਾਦਸੇ ਦੇ ਮਿ੍ਤਕਾਂ ਪ੍ਰਤੀ ਆਪਣੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
 
Top