ਸੰਗਾਕਾਰਾ ਨੇ ਵਨ ਡੇ ਤੇ ਟਵੰਟੀ-20 ਦੀ ਕਪਤਾਨੀ ਛੱਡੀ

ਕੋਲੰਬੋ, 5 ਅਪ੍ਰੈਲ (ਯੂ. ਐੱਨ. ਆਈ.)- ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਹੱਥੋਂ ਮਿਲੀ ਹਾਰ ਤੋਂ ਨਿਰਾਸ਼ ਕੁਮਾਰ ਸੰਗਾਕਾਰਾ ਨੇ ਇਕ ਦਿਨਾ ਕ੍ਰਿਕਟ ਦੇ ਨਾਲ-ਨਾਲ ਟਵੰਟੀ-20 ਟੀਮ ਦੀ ਵੀ ਕਪਤਾਨੀ ਛੱਡ ਦਿੱਤਾ ਪਰ ਉਸ ਨੇ ਇੰਗਲੈਂਡ ਅਤੇ ਆਸਟ੍ਰੇਲੀਆ ਵਿਰੁੱਧ ਆਉਣ ਵਾਲੀਆਂ ਲੜੀਆਂ ਲਈ ਅੰਤ੍ਰਿਮ ਆਧਾਰ ‘ਤੇ ਕਪਤਾਨ ਬਣੇ ਰਹਿਣ ਦੀ ਪੇਸ਼ਕਸ਼ ਕੀਤੀ ਹੈ। ਸੰਗਾਕਾਰਾ ਨੇ ਅੱਜ ਕਿਹਾ ਕਿ ਉਹ ਵਨ ਡੇ ਅਤੇ ਟਵੰਟੀ-20 ਟੀਮਾਂ ਦੀ ਕਪਤਾਨੀ ਛੱਡ ਰਿਹਾ ਹੈ ਪਰ ਆਉਣ ਵਾਲੀਆਂ ਟੈਸਟ ਲੜੀਆਂ ਲਈ ਉਹ ਕਪਤਾਨ ਬਣਿਆ ਰਹਿ ਸਕਦਾ ਹੈ ਜੇ ਇਸ ਨਾਲ ਨਵੇਂ ਕਪਤਾਨਾਂ ਨੂੰ ਮਦਦ ਮਿਲਦੀ ਹੈ। ਇਕ ਦਿਨਾ ਟੀਮ ਦੀ ਕਪਤਾਨੀ ਲਈ ਓਪਨਰ ਤਿਲਕਰਤਨੇ ਦਿਲਸ਼ਾਨ ਅਤੇ ਆਲ ਰਾਊਂਡਰ ਐਂਜਲੋ ਮੈਥਿਊਜ਼ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ, ਜਦਕਿ ਤਿਲਨ ਸਮਰਵੀਰਾ ਤੇ ਟੈਸਟ ਟੀਮ ਦੀ ਕਪਤਾਨੀ ਲਈ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸੰਗਾਕਾਰਾ ਨੂੰ 8 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਦੇ ਚੌਥੇ ਸੈਸ਼ਨ ਲਈ ਡੈਕਨ ਚਾਰਜਰਸ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਆਸਟ੍ਰੇਲੀਆ ਦਾ ਕੈਮਰੂਨ ਵ੍ਹਾਈਟ ਉਪ ਕਪਤਾਨ ਹੋਵੇਗਾ। ਡੈਕਨ ਚਾਰਜਰਸ ਨੇ ਆਸਟ੍ਰੇਲੀਆ ਦੇ ਬੱਲੇਬਾਜ਼ ਐਡਮ ਗਿਲਕ੍ਰਿਸਟ ਦੀ ਕਪਤਾਨੀ ਵਿਚ ਸਾਲ 2009 ਵਿਚ ਖਿਤਾਬ ਜਿੱਤਿਆ ਸੀ ਪਰ ਇਸ ਵਾਰ ਗਿਲਕ੍ਰਿਸਟ ਕਿੰਗਜ਼ ਇਲੈਵਨ ਪੰਜਾਬ ਵਲੋਂ ਖੇਡ ਰਿਹਾ ਹੈ।
 
Top