1984 ਸਿੱਖ ਕਤਲੇਆਮ ਮਾਮਲਾ - ਦਿੱਲੀ ਸਰਕਾਰ ਵੱਲੋਂ ਵਿਸ&#2620

[JUGRAJ SINGH]

Prime VIP
Staff member
ਉਪ-ਰਾਜਪਾਲ ਨੂੰ ਮਿਲੇ ਮੁੱਖ ਮੰਤਰੀ ਕੇਜਰੀਵਾਲ
ਨਵੀਂ ਦਿੱਲੀ, 29 ਜਨਵਰੀ (ਏਜੰਸੀ)-ਦਿੱਲੀ ਦੀ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਫ਼ੈਸਲਾ ਕਰ ਲਿਆ ਹੈ | ਦਿੱਲੀ ਵਿਧਾਨ ਸਭਾ ਦੇ ਸਪੀਕਰ ਐੱਮ. ਐੱਸ. ਧੀਰ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦਿੱਲੀ ਦੰਗਿਆਂ ਬਾਰੇ ਵਿਸ਼ੇਸ਼ ਜਾਂਚ ਟੀਮ ਗਠਿਤ ਕਰੇਗੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਧੀਰ ਨੇ ਕਿਹਾ 'ਦਿੱਲੀ ਸਰਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰੇਗੀ ਅਤੇ ਇਨਸਾਫ ਕੀਤਾ ਜਾਵੇਗਾ |' ਇਸ ਮੁੱਦੇ 'ਤੇ ਗੱਲਬਾਤ ਕਰਦਿਆਂ ਦਿੱਲੀ ਦੇ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ 'ਅਸੀਂ ਵਿਸ਼ੇਸ਼ ਜਾਂਚ ਟੀਮ ਦੇ ਗਠਨ ਲਈ ਦਿੱਲੀ ਕੈਬਨਿਟ ਕੋਲ ਪ੍ਰਸਤਾਵ ਪੇਸ਼ ਕਰਾਂਗੇ ਅਤੇ ਇਸ ਦੀ ਰੂਪਰੇਖਾ ਤਿਆਰ ਕਰਾਂਗੇ | ਅਸੀਂ ਆਪਣੇ ਮੈਨੀਫੈਸਟੋ 'ਚ ਵੀ ਕਿਹਾ ਸੀ ਕਿ ਅਸੀਂ '84 ਦੇ ਪੀੜਤਾਂ ਨੂੰ ਇਨਸਾਫ ਦਿਵਾਵਾਂਗੇ | ਇਸ ਵਾਸਤੇ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੀ ਲੋੜ ਹੈ |'
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਵੀ ਦਿੱਲੀ 'ਚ 1984 ਨੂੰ ਹੋਏ ਸਿੱਖ ਕਤਲੇਆਮ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਅਤੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਪੱਤਰ ਲਿਖ ਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਦਵਿੰਦਰਪਾਲ ਸਿੰਘ ਭੁੱਲਰ ਲਈ ਰਹਿਮ ਦੀ ਮੰਗ ਕੀਤੀ | ਅੱਜ ਸ੍ਰੀ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਲੈਫਟੀਨੈਂਟ ਗਵਰਨਰ ਨਜੀਬ ਜੰਗ ਨਾਲ ਮੁਲਾਕਾਤ ਕੀਤੀ ਅਤੇ '84 ਦੇ ਸਿੱਖ ਕਤਲੇਆਮ ਲਈ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਦੀ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਲਈ ਜ਼ੋਰ ਦਿੱਤਾ | ਅੱਧਾ ਘੰਟੇ ਦੇ ਕਰੀਬ ਹੋਈ ਇਸ ਮੁਲਾਕਾਤ ਦੌਰਾਨ ਉਪ ਰਾਜਪਾਲ ਨੇ ਮੁੱਖ ਮੰਤਰੀ ਦੀ ਬੇਨਤੀ 'ਤੇ ਵਿਚਾਰ ਕਰਨ ਅਤੇ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਜਾਣਕਾਰੀ ਦੇਣ ਦਾ ਭਰੋਸਾ ਦਿੱਤਾ | ਮੁੱਖ ਮੰਤਰੀ ਨੇ ਕਿਹਾ ਕਿ ਅਗਲੀ ਕੈਬਨਿਟ ਮੀਟਿੰਗ ਦੌਰਾਨ ਉਹ ਵਿਸ਼ੇਸ਼ ਜਾਂਚ ਟੀਮ ਦੇ ਗਠਨ ਬਾਰੇ ਵਿਚਾਰ ਵਟਾਂਦਰਾ ਕਰਨਗੇ | ਉਨ੍ਹਾਂ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ '84 ਦੇ ਦੰਗਿਆਂ 'ਚ ਪਾਰਟੀ ਦੇ ਕੁਝ ਮੈਂਬਰਾਂ ਦੀ ਸ਼ਮੂਲੀਅਤ ਸਵੀਕਾਰ ਕਰਨ ਦੇ ਬਾਅਦ ਇਹ ਮੰਗ ਕੀਤੀ ਹੈ | ਬੇਸ਼ੱਕ ਆਪ ਦੇ ਮੈਨੀਫੈਸਟੋ 'ਚ ਵੀ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੀ ਗੱਲ ਆਖੀ ਗਈ ਸੀ ਪ੍ਰੰਤੂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸਿੱਖਾਂ ਦਾ ਸਮਰਥਨ ਹਾਸਿਲ ਕਰਨ ਲਈ ਕੇਜਰੀਵਾਲ ਨੇ ਇਹ ਕਦਮ ਉਠਾਏ ਹਨ |

ਕਾਂਗਰਸ ਕਿਸੇ ਵੀ ਨਿਆਇਕ ਜਾਂਚ ਲਈ ਤਿਆਰ

ਦਿੱਲੀ ਦੇ ਮੁੱਖ ਮੰਤਰੀ ਦੀ ਇਸ ਮੰਗ ਆਪਣਾ ਪ੍ਰਤੀਕਰਮ ਦਿੰਦਿਆਂ ਕਾਂਗਰਸ ਨੇ ਦੁਹਰਾਇਆ ਕਿ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਨੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਇਸ ਸਬੰਧੀ ਹੁਣ ਵੀ ਕਿਸੇ ਨਿਆਇਕ ਜਾਂਚ ਲਈ ਤਿਆਰ ਹੈ | ਕੁਲ ਹਿੰਦ ਕਾਂਗਰਸ ਕਮੇਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਦੰਗਿਆਂ ਦੇ ਸਬੰਧ 'ਚ ਹਮੇਸ਼ਾ ਹੀ ਤਰਕਸੰਗਤ ਅਤੇ ਨਿਆਇਕ ਜਾਂਚ ਦਾ ਸਮਰਥਨ ਕੀਤਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਮੰਗ ਵੱਲ ਵੀ ਪੂਰਾ ਧਿਆਨ ਦਿੱਤਾ ਜਾਵੇਗਾ | ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ '84 ਦੇ ਪੀੜਤਾਂ ਨੂੰ ਹਰ ਸੰਭਵ ਰਾਹਤ ਪ੍ਰਦਾਨ ਕੀਤੀ ਗਈ ਸੀ ਅਤੇ ਜੇਕਰ ਅਰਵਿੰਦ ਕੇਜਰੀਵਾਲ ਇਨ੍ਹਾਂ ਲਈ ਹੋਰ ਵੀ ਕੁਝ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਆਪਣੀ ਮਰਜ਼ੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਪ੍ਰਦੇਸ਼ ਕਾਂਗਰਸ ਕਮਟੀ ਦੇ ਮੁਖੀ ਅਰਵਿੰਦਰ ਸਿੰਘ ਲਵਲੀ ਨੇ ਕਿਹਾ 'ਅਸੀਂ ਕਿਸੇ ਵੀ ਜਾਂਚ ਦਾ ਸਵਾਗਤ ਕਰਦੇ ਹਾਂ | ਇਸ ਤੋਂ ਪਹਿਲਾਂ ਉਹ ਆਪਣੇ ਕੀਤੇ ਵਾਅਦੇ ਪੂਰੇ ਕਰ ਲੈਣ |'
 
Top