1984 ਸਿੱਖ ਕਤਲੇਆਮ ਅਤੇ ਗੁਜਰਾਤ ਦੰਗਿਆਂ ਬਾਰੇ ਰਾਹੁਲ

[JUGRAJ SINGH]

Prime VIP
Staff member
ਕਾਂਗਰਸ ਨੇ '84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸੰਸਦ ਮੈਂਬਰ ਬਣਾ ਕੇ ਨਿਵਾਜਿਆ-ਨਰੇਸ਼ ਗੁਜਰਾਲ
ਨਵੀਂ ਦਿੱਲੀ, 28 ਜਨਵਰੀ (ਪੀ. ਟੀ. ਆਈ.)-ਕਾਂਗਰਸ ਦੇ ਕੌਮੀ ਉਪ-ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਦੇ ਸਿੱਖ ਕਤਲੇਆਮ ਅਤੇ 2002 ਦੇ ਗੁਜਰਾਤ ਦੰਗਿਆਂ ਬਾਰੇ ਦਿੱਤੇ ਗਏ ਬਿਆਨ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ | ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰੀ ਨਰੇਸ਼ ਗੁਜਰਾਲ ਨੇ ਕਿਹਾ 'ਰਾਹੁਲ ਗਾਂਧੀ ਕਹਿੰਦਾ ਹੈ ਕਿ ਗੁਜਰਾਤ 'ਚ 2002 ਨੂੰ ਹੋਏ ਦੰਗਿਆਂ ਲਈ ਨਰਿੰਦਰ ਮੋਦੀ ਜ਼ਿੰਮੇਵਾਰ ਸਨ ਕਿਉਂਕਿ ਉਹ ਮੁੱਖ ਮੰਤਰੀ ਸਨ | ਤਾਂ ਉਸ ਦੇ ਪਿਤਾ ਬਾਰੇ ਕੀ ਕਿਹਾ ਜਾਵੇ ਜੋ ਉਸ ਵੇਲੇ ਪ੍ਰਧਾਨ ਮੰਤਰੀ ਸਨ ਜਦੋਂ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ |' ਸ੍ਰੀ ਨਰੇਸ਼ ਗੁਜਰਾਲ ਨੇ ਕਿਹਾ ਕਿ ਦਿੱਲੀ 'ਚ 1984 ਦੇ ਇਸ ਕਤਲੇਆਮ ਦੌਰਾਨ ਉੱਘੀਆਂ ਸ਼ਖਸੀਅਤਾਂ, ਜਿਨ੍ਹਾਂ 'ਚ ਉਨ੍ਹਾਂ ਦੇ ਪਿਤਾ (ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ), ਸੇਵਾ ਮੁਕਤ ਜਨਰਲ ਜੇ. ਐੱਸ. ਅਰੋੜਾ, ਸਾਬਕਾ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਨੇ ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਕੋਲ ਵਾਰ-ਵਾਰ ਪਹੁੰਚ ਕੀਤੀ ਪ੍ਰੰਤੂ ਦੋਵਾਂ ਨੇ ਹੀ ਬੇਵਸੀ ਜ਼ਾਹਰ ਕੀਤੀ | ਉਨ੍ਹਾਂ ਕਿਹਾ ਕਿ ਦਿੱਲੀ ਦੀ ਪੁਲਿਸ ਨੇ ਦੰਗਾਕਾਰੀਆਂ ਵਿਰੁੱਧ ਇਕ ਵੀ ਗੋਲੀ ਨਹੀਂ ਚਲਾਈ ਅਤੇ ਫੌਜ ਨੂੰ ਬਲਾਉਣ 'ਚ ਵੀ ਦੇਰੀ ਕੀਤੀ ਗਈ | ਗੁਜਰਾਤ ਦੇ 2002 ਦੇ ਦੰਗਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਬਹੁਗਿਣਤੀ ਅਤੇ ਘੱਟ ਗਿਣਤੀ ਦੇ ਕਈ ਲੋਕ ਮਾਰੇ ਗਏ ਸਨ | ਇਥੋਂ ਦੇ ਇਕ ਸਾਬਕਾ ਮੰਤਰੀ ਸਮੇਤ ਕਈ ਸੈਂਕੜੇ ਲੋਕਾਂ ਨੂੰ ਜੇਲ੍ਹ 'ਚ ਭੇਜਿਆ ਗਿਆ ਜਦੋਂ ਕਿ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਬਚਾਇਆ ਹੀ ਨਹੀਂ ਗਿਆ ਸਗੋਂ ਉਨ੍ਹਾਂ ਨੂੰ ਸੰਸਦ ਮੈਂਬਰ ਵੀ ਬਣਾਇਆ ਗਿਆ |
ਭਾਜਪਾ ਦੰਗਿਆਂ ਲਈ ਜ਼ਿੰਮੇਵਾਰ-ਨਿਤਿਸ਼ ਕੁਮਾਰ
ਪਟਨਾ, (ਪੀ. ਟੀ. ਆਈ.)-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਕੇਂਦਰ ਅਤੇ ਬਿਹਾਰ ਦੀਆਂ ਕਾਂਗਰਸ ਸਰਕਾਰਾਂ 1984 'ਚ ਹੋਏ ਸਿੱਖ ਕਤਲੇਆਮ ਅਤੇ ਭਾਗਲਪੁਰ ਦੇ 1989 ਦੇ ਦੰਗਿਆਂ ਲਈ ਜ਼ਿੰਮੇਵਾਰ ਹਨ ਜਦੋਂ ਕਿ 2002 ਨੂੰ ਗੁਜਰਾਤ 'ਚ ਹੋਏ ਦੰਗਿਆਂ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ |
 
Top