Punjab News 1857 ਦੇ ਸ਼ਹੀਦਾਂ ਦੀਆਂ ਅਸਥੀਆਂ ਵਾਲਾ ਲੱਭਿਆ ਖੂਹ

→ ✰ Dead . UnP ✰ ←

→ Pendu ✰ ←
Staff member
3CIl3-1.jpg

ਅਜਨਾਲਾ, ਅੱਜ ਸਥਾਨਕ ਸ਼ਹਿਰ ਦੇ ਵਿਰਾਸਤੀ ਤੇ ਇਤਿਹਾਸਕ ਪੰਨੇ ‘ਤੇ ਉਦੋਂ ਇਕ ਹੋਰ ਅਧਿਆਏ ਲਿਖਿਆ ਗਿਆ। ਜਦੋਂ ਬਰਤਾਨਵੀ ਹਾਕਮਾਂ ਵਲੋਂ 282 ਦੇਸ਼ ਭਗਤਾਂ/ਸੈਨਿਕਾਂ ਨੂੰ ਗੋਲੀਆਂ ਨਾਲ ਭੁੰਨ ਕੇ ਅਤੇ ਅਧਮੋਇਆਂ ਦਾ ਸਸਕਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਕਾਲਿਆਂ ਵਾਲੇ ਖੂਹ ‘ਚ ਸੁੱਟੇ ਜਾਣ ਵਾਲੇ ਸਥਾਨ ਉੱਪਰ ਉਸਰੇ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾਂ ਵਾਲਾ ਖੂਹ ਦੇ ਹੇਠੋਂ ਕਰਵਾਈ ਗਈ ਪੁਟਾਈ ਦੌਰਾਨ ਬੀਤੀ ਰਾਤ ਪੁਰਾਣਾ ਖੂਹ ਅਤੇ ਸ਼ਹੀਦਾਂ ਦੀਆਂ ਅਸਥੀਆਂ ਮਿਲਣੀਆਂ ਸ਼ੁਰੂ ਹੋਈਆਂ। ਸ਼ਹੀਦਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਵਿਉਂਤਬੰਦੀ ਘੜਨ ਅਤੇ ਕਾਲਿਆਂ ਵਾਲੇ ਪੁਰਾਣੇ ਖੂਹ ਉੱਪਰ ਉਸਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਹੁਣ ਤੋਂ ਪਹਿਲਾਂ ਗੁਰਦੁਆਰਾ ਕੰਪਲੈਕਸ ਵਿਖੇ ਹੀ ਨਵੀਂ ਇਮਾਰਤ ਉਸਾਰਨ ਤੱਕ ਖੂਹ ਦੀ ਖੁਦਾਈ ਉਦੋਂ ਤੱਕ ਰੋਕਣ ਦਾ ਗੁਰਦੁਆਰਾ ਕਮੇਟੀ ਵਲੋਂ ਫ਼ੈਸਲਾ ਲੈਂਦਿਆਂ ਦੱਸਿਆ ਗਿਆ ਹੈ ਕਿ ਵਾਹਿਗੁਰੂ ਦਾ ਇਸ ਪਵਿੱਤਰ ਕਾਰਜ ਲਈ ਸ਼ੁਕਰਾਨਾ ਕਰਨ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 6 ਦਸੰਬਰ ਨੂੰ ਪਾਏ ਜਾਣਗੇ। ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਖੁਦਾਈ ਅਧੀਨ ਖੂਹ ਦਾ ਮੌਕੇ ‘ਤੇ ਪੁੱਜ ਕੇ ਮੁਆਇਨਾ ਕੀਤਾ ਅਤੇ ਇਸ ਕਾਰਜ ਲਈ ਪ੍ਰਬੰਧਕ ਕਮੇਟੀ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਵੱਲੋਂ ਕਾਲਿਆਂ ਵਾਲੇ ਖੂਹ ਦੇ ਸ਼ਹੀਦਾਂ ਦੀ ਯਾਦ ਉਸਾਰਨ ਲਈ ਸਹਿਯੋਗ ਦਿੱਤਾ ਗਿਆ ਹੈ ਅਤੇ ਹੁਣ ਸ਼ਹੀਦਾਂ ਦੀਆਂ ਅਸਥੀਆਂ ਸ੍ਰੀ ਹਰਿਦੁਆਰ ਵਿਖੇ ਗੰਗਾ ਸਮੇਤ ਪੰਜਾਬ ਦੇ ਹੋਰਨਾਂ ਦਰਿਆਵਾਂ ‘ਚ ਪ੍ਰਵਾਹ ਕਰਨ ਲਈ ਪ੍ਰਬੰਧਕ ਕਮੇਟੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸੰਸਦ ਮੈਂਬਰ ਡਾ: ਅਜਨਾਲਾ ਦੀ ਧਰਮ ਪਤਨੀ ਡਾ: ਅਵਤਾਰ ਕੌਰ ਅਜਨਾਲਾ ਨੇ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਕਮੇਟੀ ਨੂੰ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਅਮਰੀਕ ਸਿੰਘ ਵਿਛੋਆ, ਗੁਰਦੁਆਰਾ ਕਮੇਟੀ ਪ੍ਰਧਾਨ ਭਾਈ ਅਮਰਜੀਤ ਸਿੰਘ ਸਰਕਾਰੀਆ, ਜਨਰਲ ਸਕੱਤਰ ਕਾਬਲ ਸਿੰਘ ਸ਼ਾਹਪੁਰ, ਖਜ਼ਾਨਚੀ ਸ: ਹਰਭਜਨ ਸਿੰਘ ਨਿਪਾਲ, ਡਾ: ਮਨਜੀਤ ਸਿੰਘ ਛੀਨਾ, ਮਾਸਟਰ ਹਰੀਪਾਲ ਸਿੰਘ, ਡਾ: ਮਨਜੀਤ ਸਿੰਘ, ਬਲਰਾਜ ਸਿੰਘ ਸਿਰਸਾ, ਸੁਬੇਗ ਸਿੰਘ ਸੰਧੂ, ਕੰਵਲਜੀਤ ਸਿੰਘ ਰਾਜੂ, ਮੁੱਖ ਗ੍ਰੰਥੀ ਭਾਈ ਜਜਬੀਰ ਸਿੰਘ, ਗੁਲਜ਼ਾਰ ਸਿੰਘ ਕੋਟਲੀ ਆਦਿ ਮੌਜੂਦ ਸਨ। ਜ਼ਿਕਰਯੋਗ ਹੈ ਕਿ 29-30 ਜੁਲਾਈ 1857 ਦੀ ਰਾਤ ਨੂੰ ਲਾਹੌਰ ਛਾਉਣੀ ਤੋਂ ਅੰਗਰੇਜ਼ ਹਾਕਮਾਂ ਵਿਰੁੱਧ ਬਗ਼ਾਵਤ ਕਰਨ ਵਾਲੇ ਅਜਨਾਲਾ ਨੇੜਿਓਂ ਗ੍ਰਿਫ਼ਤਾਰ ਕੀਤੇ ਗਏ 282 ਦੇਸ਼ ਭਗਤਾਂ/ਸੈਨਿਕਾਂ ਨੂੰ ਸਥਾਨਕ ਸ਼ਹਿਰ ‘ਚ 31 ਜੁਲਾਈ ਨੂੰ ਪੁਲਿਸ ਥਾਣੇ ਸਾਹਮਣੇ ਖੜ੍ਹੇ ਕਰ ਕੇ ਅੰਗਰੇਜ਼ ਡੀ. ਸੀ. ਮਿਸਟਰ ਕੂਪਰ ਦੀ ਅਗਵਾਈ ‘ਚ ਫਰੰਗੀਆਂ ਵੱਲੋਂ ਗੋਲੀਆਂ ਨਾਲ ਉਡਾ ਦਿੱਤਾ ਗਿਆ ਸੀ ਅਤੇ ਖੂਨੀ ਬੁਰਜਾਂ ‘ਚ ਬੰਦ ਅਧਮੋਏ ਇਨ੍ਹਾਂ ਦੇਸ਼ ਭਗਤਾਂ ਨੂੰ ਉਕਤ ਖੂਹ ਵਿੱਚ ਦਫ਼ਨਾ ਦਿੱਤਾ ਗਿਆ ਸੀ।
ਕੌਣ ਸਨ ਇਹ ਸਿਪਾਹੀ

ਅੰਮ੍ਰਿਤਸਰ, 4 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ)-ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਖੂਹ ਵਿਚ ਡੇਢ ਸਦੀ ਤੋਂ ਦਫ਼ਨ ਜੰਗ-ਏ-ਅਜ਼ਾਦੀ 1857 ਦੇ ਅਗੇਤਰ ਸ਼ਹੀਦਾਂ ਨੂੰ 155 ਵਰ੍ਹਿਆਂ ਬਾਅਦ ਅੱਜ ਆਤਮਿਕ ਆਜ਼ਾਦੀ ਨਸੀਬ ਹੋਈ ਹੈ। ਇਤਿਹਾਸਕਾਰ ਤੇ ਖੋਜ ਕਰਤਾ ਸ੍ਰੀ ਸੁਰਿੰਦਰ ਕੋਛੜ ਨੇ ਮੰਗਲਵਾਰ ਦੁਪਹਿਰ ਉਪਰੋਕਤ ਖੂਹ ਦੀ ਖੁਦਾਈ ਕਰਵਾਏ ਜਾਣ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਈ 1857 ਵਿਚ ਬ੍ਰਿਟਿਸ਼ ਅਧਿਕਾਰੀਆਂ ਦੁਆਰਾ 282 ਭਾਰਤੀ ਸੈਨਿਕਾਂ ਨੂੰ ਇਸ ਸ਼ਹੀਦੀ ਖੂਹ ਵਿਚ ਦਫ਼ਨ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਕਦੇ ਇਨ੍ਹਾਂ ਦੀ ਸਾਰ ਨਹੀਂ ਲਈ ਗਈ।

ਕੌਣ ਸਨ ਇਹ ਸਿਪਾਹੀ?

ਸ੍ਰੀ ਕੋਛੜ ਦੇ ਅਨੁਸਾਰ ਮਈ 1857 ਵਿਚ ਲਾਹੌਰ ਦੀ ਮੀਆਂ ਮੀਰ ਛਾਉਣੀ ‘ਚ ਨਿਯੁਕਤ ਉਪਰੋਕਤ 26 ਨੰਬਰ ਨੇਟਿਵ ਇਨਫ਼ੈਂਟਰੀ ਹਿੰਦੁਸਤਾਨੀ ਪਲਟਨ ਦੇ ਬੇ-ਹਥਿਆਰ ਫੌਜੀ, ਜਿਨ੍ਹਾਂ ਦਾ ਸਬੰਧ ਆਸਾਮ ਅਤੇ ਬੰਗਾਲ ਸੂਬਿਆਂ ਨਾਲ ਸੀ, 30 ਜੁਲਾਈ 1857 ਨੂੰ ਬ੍ਰਿਟਿਸ਼ ਹੁਕੂਮਤ ਵਿਰੁੱਧ ਬਗਾਵਤ ਕਰਕੇ ਉਥੋਂ ਭੱਜ ਨਿਕਲੇ। 31 ਜੁਲਾਈ ਨੂੰ ਜਦੋਂ ਇਹ ਤਹਿਸੀਲ ਅਜਨਾਲਾ ਦੇ ਪਾਸ ਦਰਿਆ ਰਾਵੀ ਦੇ ਕਿਨਾਰੇ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਭੁੱਖੇ-ਪਿਆਸੇ ਫੌਜੀਆਂ ਨੂੰ ਦਾਲ-ਰੋਟੀ ਦੇਣ ਦਾ ਲਾਲਚ ਦੇ ਕੇ ਉਥੇ ਰੋਕ ਲਿਆ ਅਤੇ ਇਸ ਦੀ ਸੂਚਨਾ ਸੋੜੀਆਂ ਦੇ ਤਹਿਸੀਲਦਾਰ ਨੂੰ ਭੇਜ ਦਿੱਤੀ, ਜਿਸ ਨੇ ਆਪਣੇ ਸਿਪਾਹੀਆਂ ਸਹਿਤ ਮੌਕੇ ‘ਤੇ ਪਹੁੰਚ ਕੇ 150 ਦੇ ਕਰੀਬ ਫੌਜੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਕੁਝ ਨੇ ਰਾਵੀ ‘ਚ ਛਲਾਂਗਾਂ ਮਾਰ ਕੇ ਆਤਮ-ਹੱਤਿਆ ਕਰ ਲਈ। ਇਸੇ ਦੌਰਾਨ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਫ਼ਰੈਡਰਿਕ ਕੂਪਰ ਵੀ ਉਥੇ ਪਹੁੰਚ ਗਿਆ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਬਾਕੀ ਬਚੇ 282 ਸੈਨਿਕਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਅਜਨਾਲੇ ਲੈ ਆਇਆ। ਸ੍ਰੀ ਕੋਛੜ ਨੇ ਦੱਸਿਆ ਕਿ ਉਨ੍ਹਾਂ ‘ਚੋਂ 237 ਨੂੰ ਥਾਣੇ ‘ਚ ਬੰਦ ਕਰ ਦਿੱਤਾ ਗਿਆ ਅਤੇ ਬਾਕੀਆਂ ਨੂੰ ਤਹਿਸੀਲ ਦੇ ਬੁਰਜ ‘ਚ ਤੂੜੀ ਵਾਂਗ ਠੂਸ-ਠੂਸ ਕੇ ਭਰ ਦਿੱਤਾ। ਅਗਲੀ ਸਵੇਰ ਥਾਣੇ ‘ਚ ਕੈਦ ਫੌਜੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤੇ ਜਾਣ ਤੋਂ ਬਾਅਦ ਜਦੋਂ ਬੁਰਜ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਬਹੁਤੇ ਸੈਨਿਕ ਸਾਹ ਘੁਟਣ ਕਰ ਕੇ ਪਹਿਲਾਂ ਹੀ ਦਮ ਤੋੜ ਚੁਕੇ ਸਨ ਅਤੇ ਕੁਝ ਬੇਹੋਸ਼ੀ ਦੀ ਹਾਲਤ ਵਿਚ ਸਨ। ਇਨ੍ਹਾਂ ਸਭ ਸੈਨਿਕਾਂ ਨੂੰ ਉਪਰੋਕਤ ਖੂਹ ਵਿਚ ਸੁੱਟ ਕੇ ਖੂਹ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ। ਖੁਦਾਈ ਦੇ ਦੌਰਾਨ ਖੂਹ ਮਿਲਣ ‘ਤੇ ਅੱਜ ਗੁਰਦੁਆਰਾ ਸਾਹਿਬ ਵਿਚ ਸ਼ੁਕਰਾਨਾ ਅਰਦਾਸ ਕੀਤੀ ਗਈ। ਅਰਦਾਸ ਦੇ ਬਾਅਦ ਗੁਰਦੁਆਰਾ ਸ਼ਹੀਦ ਗੰਜ ਕਾਲਿਆਂਵਾਲਾ ਖੂਹ ਕਮੇਟੀ ਦੇ ਪ੍ਰਧਾਨ ਉਪ-ਪ੍ਰਧਾਨ ਮਾ: ਹਰਪਾਲ ਸਿੰਘ, ਦਲਵਿੰਦਰ ਸਿੰਘ, ਪ੍ਰਗਟ ਸਿੰਘ, ਜਸਬੀਰ ਸਿੰਘ ਨਿੱਜਰ, ਜਸਬੀਰ ਸਿੰਘ ਚੋਗਾਵਾਂ, ਮਨਜੀਤ ਸਿੰਘ ਛੀਨਾ ਅਤੇ ਪੂਰਨ ਸਿੰਘ ਜੇ. ਈ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਲਦੀ ਤੋਂ ਜਲਦੀ ਸ਼ਹੀਦਾਂ ਦੀ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਅਤੇ ਖੂਹ ਦੇ ਪਾਸ ਹੀ ਸ਼ਹੀਦੀ ਮਿਨਾਰ ਉਸਾਰਿਆ ਜਾਵੇਗਾ
 
Top