Punjab News ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ ਲਈ 124 ਕਾਂਗਰਸੀ ਉਮੀ&#2

[JUGRAJ SINGH]

Prime VIP
Staff member
ਚੰਡੀਗੜ੍ਹ, 27 ਜਨਵਰੀ (ਐਨ. ਐਸ. ਪਰਵਾਨਾ)-ਇਸ ਸਾਲ ਮਈ ਮਹੀਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ 'ਚ ਕਾਂਗਰਸੀ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਇਸ ਸਬੰਧ ਵਿਚ ਅੱਜ ਇੱਥੇ ਪ੍ਰਦੇਸ਼ ਕਾਂਗਰਸ ਦੀ 29 ਮੈਂਬਰਾਂ 'ਤੇ ਆਧਾਰਿਤ ਚੋਣ ਕਮੇਟੀ ਦੀ ਹੋਈ ਮੀਟਿੰਗ ਵਿਚ ਇਕ ਲਾਈਨ ਦਾ ਮਤਾ ਪਾਸ ਕਰਕੇ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਅਧਿਕਾਰ ਦੇ ਦਿੱਤੇ ਕਿ ਜਿਸ ਨੂੰ ਵੀ ਉਹ ਚਾਹੁਣ ਪਾਰਟੀ ਟਿਕਟ ਅਲਾਟ ਕਰ ਦੇਣ | ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਸਰਬ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਡਾ. ਸ਼ਕੀਲ ਅਹਿਮਦ ਨੇ ਕੀਤੀ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਮਹਾਰਾਣੀ ਪ੍ਰਨੀਤ ਕੌਰ, ਸ੍ਰੀਮਤੀ ਅੰਬਿਕਾ ਸੋਨੀ, ਸ੍ਰੀ ਅਸ਼ਵਨੀ ਕੁਮਾਰ ਤੇ ਸ੍ਰੀ ਆਰ.ਐਲ. ਭਾਟੀਆ ਤੋਂ ਬਿਨਾਂ ਬਾਕੀ ਸਾਰੇ ਮੈਂਬਰ ਹਾਜ਼ਰ ਸਨ | ਦੋਵੇਂ ਗੈਰ ਹਾਜ਼ਰ ਮਹਿਲਾ ਮੈਂਬਰ ਕਿਸੇ ਕੰਮ ਲਈ ਮਸ਼ਰੂਫ ਹੋਣ ਕਾਰਨ ਨਹੀਂ ਆ ਸਕੇ | ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਚਾਰਾਂ ਮੈਂਬਰਾਂ ਦੀ ਵੀ ਰਾਇ ਲੈਣਗੇ | ਇਕ ਸੁਆਲ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੀ ਮੀਟਿੰਗ ਵਿਚ ਇਹ ਆਪ ਐਲਾਨ ਕੀਤਾ ਕਿ ਉਹ ਲੋਕ ਸਭਾ ਦੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਵਿਚ ਡੱਟ ਕੇ ਹਿੱਸਾ ਲੈਣਗੇ | ਡਾ. ਸ਼ਕੀਲ ਅਹਿਮਦ ਨੇ ਕਿਹਾ ਕਿ 30 ਜਨਵਰੀ ਨੂੰ ਪੰਜਾਬ ਬਾਰੇ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਪੀ.ਸੀ. ਚਾਕੋ ਦੀ ਚੇਅਰਮੈਨਸ਼ਿਪ ਹੇਠ ਨਵੀਂ ਦਿੱਲੀ ਵਿਖੇ ਹੋਵੇਗੀ | ਇਸ ਕਮੇਟੀ ਦੇ ਮੈਂਬਰ ਹਨ ਦੀਪਕ ਵਾਬਰੀਆ, ਸ਼ਕੀਲ ਅਹਿਮਦ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ ਤੇ ਹਰੀਸ਼ ਚੌਧਰੀ | ਇਕ ਸਵਾਲ ਦੇ ਜਵਾਬ ਵਿਚ ਡਾ. ਅਹਿਮਦ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਰਾਜ ਦੇ ਮਾਲ ਮੰਤਰੀ ਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਲਾਏ ਗਏ ਦੋਸ਼ਾਂ ਦੀ ਸੀ.ਬੀ.ਆਈ. ਜਾਂ ਕਿਸੇ ਹੋਰ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦਾ ਕਾਂਗਰਸ ਹਾਈ ਕਮਾਨ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ | ਜੇ ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਹੋਰ ਕਾਂਗਰਸੀ ਇਸ ਦੀ ਵਿਰੋਧਤਾ ਕਰ ਰਿਹਾ ਹੈ ਤਾਂ ਇਹ ਉਸ ਦਾ ਨਿੱਜੀ ਵਿਚਾਰ ਹੈ | ਪੰਜਾਬ ਪੁਲਿਸ ਤੋਂ ਜਾਂਚ ਕਰਾਉਣਾ ਉਚਿਤ ਨਹੀਂ | 124 ਉਮੀਦਵਾਰਾਂ ਨੇ ਕਾਂਗਰਸ ਟਿਕਟ ਵਾਸਤੇ ਜਿਨ੍ਹਾਂ ਲੋਕ ਸਭਾ ਦੀਆਂ 13 ਸੀਟਾਂ ਲਈ ਅਰਜ਼ੀਆਂ ਦਿੱਤੀਆਂ ਹਨ, ਉਨ੍ਹਾਂ ਹਲਕਿਆਂ ਦੇ ਨਾਂਅ ਇਸ ਤਰ੍ਹਾਂ ਹਨ:- ਗੁਰਦਾਸਪੁਰ 5, ਖਡੂਰ ਸਾਹਿਬ 12, ਅੰਮਿ੍ਤਸਰ 14, ਜਲੰਧਰ 7, ਹੁਸ਼ਿਆਰਪੁਰ 11, ਅਨੰਦਪੁਰ ਸਾਹਿਬ 5, ਲੁਧਿਆਣਾ 2, ਫਤਹਿਗੜ੍ਹ ਸਾਹਿਬ 16, ਫਰੀਦਕੋਟ 15, ਫਿਰੋਜ਼ਪੁਰ 20, ਬਠਿੰਡਾ 14, ਸੰਗਰੂਰ 2 ਤੇ ਪਟਿਆਲਾ 1 | ਇਸ ਦੌਰਾਨ ਪਤਾ ਲੱਗਾ ਹੈ ਕਿ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ: ਸ਼ਮਸ਼ੇਰ ਸਿੰਘ ਦੂਲੋ ਨੇ 2 ਸੀਟਾਂ ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਲਈ ਅਰਜ਼ੀਆਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੋਵਾਂ ਸੀਟਾਂ 'ਚੋਂ ਕਿਸੇ ਇਕ ਤੋਂ ਪਾਰਟੀ ਟਿਕਟ ਦਿੱਤੀ ਜਾਏ |
 
Top