ਜਦੋਂ ਰਾਤ 12 ਵਜੇ ਮੰਗੀ ਕੁੜੀ ਨੇ ਲਿਫਟ

ਪਟਿਆਲਾ, 31 ਮਾਰਚ (ਪ. ਪ.)- ਸਮਾਂ ਰਾਤ ਦੇ 12 ਵਜੇ, ਸਥਾਨਕ ਬਾਰਾਂਦਰੀ ਗਾਰਡਨ, ਠੰਡੀ-ਠੰਡੀ ਮਨਮੋਹਨੀ ਹਵਾ, ਸੜਕ ਦੇ ਕਿਨਾਰੇ ਖ਼ੜ੍ਹ੍ਹੀ ਇਕ ਛੈਲ-ਛਬੇਲੀ ਮੁਟਿਆਰ ਦਾ ਹੱਥ ਫ਼ੜ ਵਿੱਕੀ (ਨਕਲੀ ਨਾਮ) ਉਸਨੂੰ ਦਰੱਖ਼ਤਾਂ ਦੇ ਓਹਲੇ ਲੈ ਜਾਂਦਾ ਹੈ। ਥੋੜੀ ਹੀ ਦੇਰ ਬਾਅਦ ਚੀਕਾਂ ਮਾਰਦਾ ਵਿੱਕੀ ਦਰਖ਼ਤਾਂ ਪਿੱਛੋਂ ਨਿਕਲਕੇ ਨੰਗ-ਧੜੰਗਾ ਹੀ ਮੋਟਰਸਾਈਕਲ ਲੈ ਕੇ ਭੱਜ ਤੁਰਦਾ ਹੈ। ਇਹ ਮੰਜਰ ਕਿਸੇ ਡਰਾਮੇ ਜਾਂ ਫ਼ਿਲਮ ਦਾ ਨਹੀਂ ਹੈ ਬਲਕਿ ਪਟਿਆਲਾ ਦੇ ਬਾਰਾਂਦਰੀ ਗਾਰਡਨ ਦਾ ਹੈ, ਜਿਥੇ ਵਿੱਕੀ ਗਿਆ ਤਾਂ ਮੌਜ-ਮਸਤੀ ਦੇ ਮੂਡ ਵਿਚ ਸੀ ਲੇਕਿਨ ਧੋਖ਼ਾ ਹੋਣ ‘ਤੇ ਉਸਨੂੰ ਬੇਰੰਗ ਲਿਫ਼ਾਫ਼ੇ ਦੀ ਤਰ੍ਹਾਂ ਖ਼ਾਲੀ ਹੱਥ ਹੀ ਵਾਪਿਸ ਮੁੜਨਾ ਪਿਆ। ਜਾਣਕਾਰੀ ਅਨੁਸਾਰ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਮੈਚ ਵਿਚ ਭਾਰਤ ਦੀ ਹੋਈ ਜਿੱਤ ਦੀ ਖ਼ੁਸ਼ੀ ਮਨਾ ਕੇ ਵਿੱਕੀ ਨਾਮ ਦਾ ਇਕ ਨੌਜਵਾਨ 22 ਨੰਬਰ ਫ਼ਾਟਕ ਤੋਂ ਆਪਣੇ ਮੋਟਰਸਾਈਕਲ ‘ਤੇ ਘਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਬਾਰਾਂਦਰੀ ਵਿਖ਼ੇ ਸਥਿਤ ਪੀ. ਪੀ. ਐੱਸ. ਸੀ. ਦੇ ਦਫ਼ਤਰ ਕੋਲ ਪੁੱਜਾ ਤਾਂ ਉਸਨੂੰ ਸੜਕ ਕਿਨਾਰੇ ਖ਼ੜ੍ਹੀ ਇਕ ਛੈਲ-ਛਬੀਲੀ ਕੁੜੀ ਨੇ ਲਿਫ਼ਟ ਲਈ ਹੱਥ ਦਿੱਤਾ। ਭਾਰਤ ਦੀ ਜਿੱਤ ਦੀ ਖ਼ੁਸ਼ੀ ਅਤੇ ਸ਼ਰਾਬ ਦੇ ਨਸ਼ੇ ਵਿਚ ਇਕੱਲੀ ਕੁੜੀ ਵੇਖ ਕੇ ਵਿੱਕੀ ਦੀਆਂ ਵਾਛਾਂ ਖਿੜ ਗਈਆਂ। ਮੋਟਰਸਾਈਕਲ ਇਕ ਪਾਸੇ ਖ਼ੜ੍ਹਾ ਕਰ ਵਿੱਕੀ ਉਕਤ ਕੁੜੀ ਨੂੰ ਲੈ ਕੇ ਹੌਲੀ-ਹੌਲੀ ਸੰਘਣੇ ਦਰੱਖ਼ਤਾਂ ਵੱਲ ਹੋ ਤੁਰਿਆ। ਕੁੜੀ ਵਲੋਂ ਵੀ ਨਾਂਹ-ਨੁੱਕਰ ਨਾ ਕਰਨ ਕਰਕੇ ਵਿੱਕੀ ਦੇ ਹੌਸਲੇ ਹੋਰ ਬੁਲੰਦ ਹੋ ਗਏ। ਲੇਕਿਨ ਕੁਝ ਦੇਰ ਬਾਅਦ ਹੀ ਵਿੱਕੀ ਅਰਧ ਨਗਨ ਹਾਲਤ ਵਿਚ ਦਰੱਖ਼ਤਾਂ ਪਿੱਛੋਂ ਚੀਕਾਂ ਮਾਰਦਾ ਹੋਇਆ ਬਾਹਰ ਨਿਕਲਿਆ ਅਤੇ ਆਪਣਾ ਮੋਟਰਸਾਈਕਲ ਚੁੱਕ ਕੇ ਫ਼ਰਾਰ ਹੋ ਗਿਆ। ਅਸਲ ਵਿਚ ਵਿੱਕੀ ਜਿਸਨੂੰ ਕੁੜੀ ਸਮਝ ਕੇ ਦਰਖਤਾਂ ਓਹਲੇ ਲੈ ਗਿਆ ਸੀ ਉਹ ਹੱਟਾ ਕੱਟਾ ਮੁੰਡਾ ਸੀ ਜਿਸਨੇ ਓਥੇ ਪਹਿਲਾਂ ਤੋਂ ਹੀ ਛੁਪੇ ਬੈਠੇ ਆਪਣੇ ਦੂਜੇ ਸਾਥੀ ਦੀ ਮਦਦ ਨਾਲ ਲੁੱਟ ਦੇ ਇਰਾਦੇ ਨਾਲ ਛੁਰਾ ਕੱਢ ਲਿਆ। ਭਾਵੇਂ ਵਿੱਕੀ ਆਪਣਾ ਪਰਸ ਅਤੇ ਹੋਰ ਸਾਮਾਨ ਬਚਾਉਣ ਵਿਚ ਤਾਂ ਕਾਮਯਾਬ ਹੋ ਗਿਆ ਲੇਕਿਨ ਭੱਜੇ ਜਾਂਦੇ ਦੀ ਪੈਂਟ ਓਥੇ ਹੀ ਰਹਿ ਗਈ। ਇਸੇ ਦੌਰਾਨ ਹੀ ਮੌਕੇ ‘ਤੇ ਪੁੱਜੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਪਾਰਟੀ ਨੇ ਕੁੜੀ ਬਣੇ ਮੁੰਡੇ ਨੂੰ ਉਸਦੇ ਦੂਜੇ ਸਾਥੀ ਸਣੇ ਕਾਬੂ ਕਰ ਲਿਆ ਜਿਨ੍ਹਾਂ ਦੀ ਪਹਿਚਾਣ ਘੰਟਾ ਘਰ ਲੁਧਿਆਣਾ ਨਿਵਾਸੀ ਅਮਿਤ ਭੱਟੀ ਅਤੇ ਕ੍ਰਿਸ਼ਨਾ ਨੇਪਾਲੀ ਵਜੋਂ ਹੋਈ ਹੈ। ਡਵੀਜ਼ਨ ਨੰਬਰ 4 ਦੇ ਇੰਚਾਰਜ ਧਰਮਦੇਵ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਵਿਚੋਂ ਕ੍ਰਿਸ਼ਨਾ ਕੁੜੀਆਂ ਵਾਲੇ ਕੁੱਪੜੇ ਪਾ ਕੇ ਰੱਖ਼ਦਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕ੍ਰਿਸ਼ਨਾ ਦੀ ਸਰੀਰਕ ਬਣਤਰ ਅਤੇ ਰੂਪ-ਰੰਗ ਕੁੜੀਆਂ ਵਰਗਾ ਹੋਣ ਕਰਕੇ ਮੁੰਡੇ ਅਕਸਰ ਹੀ ਧੋਖਾ ਖ਼ਾ ਜਾਂਦੇ ਸਨ ਅਤੇ ਇਸੇ ਧੋਖੇ ਦਾ ਸ਼ਿਕਾਰ ਵਿੱਕੀ ਬਣ ਗਿਆ ਸੀ।
ਕਾਬੂ ਕੀਤੇ ਗਏ ਦੋਹਾਂ ਨੌਜਵਾਨਾਂ ਨੂੰ ਵੀਰਵਾਰ ਬਾਅਦ ਦੁਪਹਿਰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਅਦਾਲਤ ਨੇ 8 ਅਪ੍ਰੈਲ, 2011 ਤਕ ਲਈ ਜੇਲ ਭੇਜ ਦਿੱਤਾ ਹੈ।
 
Top