UNP

ਗੁੰਝਲਦਾਰ ਹੈ ਨੂੰਹ ਸੱਸ ਦਾ ਰਿਸ਼ਤਾ

Go Back   UNP > Chit-Chat > Gapp-Shapp > Relationships

UNP Register

 

 
Old 12-Sep-2010
'MANISH'
 
ਗੁੰਝਲਦਾਰ ਹੈ ਨੂੰਹ ਸੱਸ ਦਾ ਰਿਸ਼ਤਾ

ਨਵਿੰਦਰ ਸਿੰਘ ਪੰਧੇਰ

ਨੂੰਹ-ਸੱਸ ਦਾ ਰਿਸ਼ਤਾ ਬੜਾ ਗੁੰਝਲਦਾਰ ਹੈ। ਸੱਸ-ਨੂੰਹ ਦਾ ਰਿਸ਼ਤਾ ਮਾਂ-ਧੀ ਦੇ ਰਿਸ਼ਤੇ ਦਾ ਬਦਲ ਨਹੀਂ ਹੋ ਸਕਦਾ। ਹਾਂ, ਇਸ ਰਿਸ਼ਤੇ ਵਿਚ ਨਿੱਘ ਅਤੇ ਸਹਿਚਾਰ ਜ਼ਰੂਰ ਮਾਂ-ਧੀ ਵਾਲੇ ਹੋ ਸਕਦੇ ਹਨ। ਸੱਸ ਦੀ ਭੂਮਿਕਾ ਸਾਡੇ ਪਰਿਵਾਰਕ ਸਭਿਆਚਾਰ ਵਿਚ ਕਿਸੇ ਖਲਨਾਇਕ ਦੇ ਕਿਰਦਾਰ ਤੋਂ ਘੱਟ ਨਹੀਂ। ਨਿਮਨ ਲੋਕ ਬੋਲੀ ਇਸ ਸੱਚ ਦੀ ਗਵਾਹੀ ਭਰਦੀ ਹੈ:
ਮਾਪਿਆਂ ਨੇ ਰੱਖੀ ਲਾਡਲੀ,
ਅੱਗੋਂ ਸੱਸ ਬਘਿਆੜੀ ਟੱਕਰੀ।

ਕੁੜੀ ਦੇ ਵਿਆਹ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਬਾਰੇ ਚੰਗੀ ਘੋਖ ਪੜਤਾਲ ਕਰਦੇ ਹਨ। ਪਰ ਉਨ੍ਹਾਂ ਵੱਲੋਂ ਮੁੰਡੇ ਦੀ ਮਾਂ ਬਾਰੇ ਵੀ ਲੁਕਵੇਂ ਰੂਪ ਵਿਚ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਕੋਈ ਮਾਂ-ਬਾਪ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਬੇਟੀ ਸਹੁਰੇ ਘਰ ਗੁਲਾਮੀ ਹੰਢਾਏ। ਅਨੇਕਾਂ ਰਿਸ਼ਤੇ ਸੱਸ ਦੇ ਭੈੜੇ ਕਿਰਦਾਰ ਕਾਰਨ ਟੁੱਟ ਜਾਂਦੇ ਹਨ। ਵਿਆਹ ਤੋਂ ਪਹਿਲਾਂ ਹੀ ਇਸ ਰਿਸ਼ਤੇ ਵਿਚ ਕੁਝ ਤਰੇੜਾਂ ਬਣ ਜਾਂਦੀਆਂ ਹਨ।
ਕੁੜੀ ਨੂੰ ਵਿਆਹ ਕੇ ਤੋਰਿਆ ਜਾਂਦਾ ਹੈ। ਦਾਜ ਦੇ ਰੂਪ ਵਿਚ ਢੇਰ ਸਾਰਾ ਸਾਮਾਨ ਦਿੱਤਾ ਜਾਂਦਾ ਹੈ। ਕੁੜੀ ਸਹੁਰੇ ਘਰ ਸਾਮਾਨ ਲੈ ਕੇ ਜਾਂਦੀ ਖਾਨਾਬਦੋਸ਼ਾਂ ਦੀ ਤਰ੍ਹਾਂ ਜਾਪਦੀ ਹੈ। ਬੱਸ ਖਾਨਾਬਦੋਸ਼ਾਂ ਕੋਲ ਸਾਮਾਨ ਪੁਰਾਣਾ ਹੁੰਦਾ ਹੈ ਪਰ ਕੁੜੀ ਕੋਲ ਨਵਾਂ। ਸਹੁਰੇ ਘਰ ਉਸ ਨਾਲ ਅਨੇਕਾਂ ਵਧੀਕੀਆਂ ਹੁੰਦੀਆਂ ਹਨ। ਉਸ ਦੇ ਵਿਰੋਧ ਵਿਚ ਸੱਸ, ਸਹੁਰਾ, ਨਣਦ, ਦਿਉਰ, ਜੇਠ ਅਤੇ ਪਤੀ ਖੜ੍ਹੇ ਹੋ ਸਕਦੇ ਹਨ। ਪਰ ਅਕਸਰ ਸੱਸ ਵਿਰੋਧੀ ਧਿਰ ਵਜੋਂ ਅਹਿਮ ਨਿਭਾਉਂਦੀ ਹੈ। ਕਈ ਵਾਰ ਉਸ ਨੂੰ ਇਹ ਵੀ ਸੁਣਨਾ ਪੈਂਦਾ ਹੈ, ਚੱਕ ਸਾਮਾਨ, ਚੱਲ ਜਾਹ ਆਪਣੇ ਘਰ। ਕੁੜੀ ਦੇ ਮਾਪੇ ਵੀ ਵਿਆਹੀ ਕੁੜੀ ਨੂੰ ਘਰ ਰੱਖਣ ਦੇ ਸਮਰੱਥ ਨਹੀਂ ਹੁੰਦੇ। ਜਿਥੇ ਨੂੰਹ ਨੂੰ ਮਾੜੀ ਸੱਸ ਟੱਕਰ ਜਾਂਦੀ ਹੈ, ਉਥੇ ਉਸ ਦੀ ਜ਼ਿੰਦਗੀ ਖਾਨਾਬਦੋਸ਼ਾਂ ਵਾਲੀ ਬਣੀ ਰਹਿੰਦੀ ਹੈ।
ਸੱਸਾਂ ਚਾਹੁੰਦੀਆਂ ਹਨ ਕਿ ਨੂੰਹ ਘਰ ਦੇ ਸਾਰੇ ਕੰਮ ਸੱਸ ਦੇ ਦੱਸੇ ਹੋਏ ਢੰਗਾਂ ਅਨੁਸਾਰ ਕਰੇ। ਸੱਸ ਸੋਚਦੀ ਹੈ ਕਿ ਉਹ ਹੁਕਮ ਚਲਾਵੇ ਅਤੇ ਨੂੰਹ ਉਸ ਦੇ ਹੁਕਮ ਦੀ ਪੂਰੀ ਪਾਲਣਾ ਕਰੇ। ਇਹ ਸਿੱਧੇ ਤੌਰ ਤੇ ਨੂੰਹ ਦੀ ਗੁਲਾਮੀ ਦੇ ਸੰਕੇਤ ਹਨ। ਮੇਰੀ ਪਤਨੀ ਅਤੇ ਮੈਂ ਇਕ ਦਿਨ ਇਕ ਨਵ-ਵਿਆਹੇ ਜੋੜੇ ਨੂੰ ਘਰ ਮਿਲਣ ਗਏ। ਉਨ੍ਹਾਂ ਦੀ ਨੂੰਹ ਚਾਹ ਬਣਾਉਣ ਵੇਲੇ ਮੇਰੀ ਪਤਨੀ ਨੂੰ ਨਾਲ ਲੈ ਗਈ। ਪਿੱਛੇ ਹੀ ਸੱਸ ਆ ਗਈ ਅਤੇ ਉਸ ਨੇ ਨੂੰਹ ਨੂੰ ਆਕੜ ਕੇ ਕਿਹਾ, ਚਾਹ ਦੇਖ ਕੇ ਬਣਾਈਂ, ਤੈਨੂੰ ਤਾਂ ਚੀਨੀ ਵੀ ਨਹੀਂ ਪਾਉਣੀ ਆਉਂਦੀ। ਅਜੇ ਉਸ ਵਿਚਾਰੀ ਚੂੜੇ ਵਾਲੀ ਮੁਟਿਆਰ ਦੇ ਹੱਥਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਸੀ ਪਈ। ਸੱਸ ਨੂੰ ਚਾਹੀਦਾ ਸੀ ਕਿ ਨੂੰਹ ਨੂੰ ਆਪਣੇ ਢੰਗ ਅਨੁਸਾਰ ਕੰਮ ਕਰਨ ਦੀ ਇਜਾਜ਼ਤ ਦੇਵੇ। ਹਰ ਕੋਈ ਆਪਣੇ ਨਿੱਜੀ ਢੰਗ ਅਨੁਸਾਰ ਕਾਰਜ ਕਰਦਾ ਹੈ। ਪੁਰਾਣੀਆਂ ਪਿਰਤਾਂ ਤੋਂ ਛੁਟਕਾਰਾ ਪਾਉਣ ਨਾਲ ਹੀ ਪਰਿਵਾਰ ਦੀ ਬਿਹਤਰੀ ਸੰਭਵ ਹੈ।
ਮੇਰੀ ਮਾਂ ਨੇ ਆਪਣੀ ਸੱਸ ਦੀ ਗੁਲਾਮੀ ਲੰਮਾ ਸਮਾਂ ਹੰਢਾਈ। ਮੇਰੀ ਮਾਂ ਦੇ ਦੁੱਖਾਂ ਨੂੰ ਬਿਆਨਿਆ ਨਹੀਂ ਜਾ ਸਕਦਾ। ਉਨ੍ਹਾਂ ਦੁੱਖਾਂ ਨੇ ਮੇਰੀ ਮਾਂ ਦੀਆਂ ਅਨੇਕਾਂ ਸੱਧਰਾਂ ਤੇ ਪਾਣੀ ਫੇਰ ਦਿੱਤਾ। ਕਈ-ਕਈ ਰਾਤਾਂ ਉਹ ਚੁੱਪ-ਚਾਪ ਭੁੱਖੇ ਪੇਟ ਪੈ ਜਾਂਦੀ। ਮੇਰੀ ਭੈਣ ਅਤੇ ਮੈਨੂੰ ਉਹ ਰੋਟੀ ਖੁਆ ਕੇ ਸੁਆ ਦਿੰਦੀ ਅਤੇ ਖੁਦ ਰਾਤ-ਰਾਤ ਭਰ ਰੋਂਦੀ ਰਹਿੰਦੀ। ਅਸੀਂ ਛੋਟੇ ਅਤੇ ਬੇਵੱਸ ਸਾਂ। ਰਾਤ ਆਉਣ ਤੇ ਸਵੇਰ ਦੀ ਲੜਾਈ ਦਾ ਡਰ ਅਤੇ ਸਵੇਰ ਹੋਣ ਤੇ ਦਿਨ ਭਰ ਦਾ ਡਰ ਉਸ ਦੇ ਚਿਹਰੇ ਤੇ ਸਾਫ ਦਿਖਾਈ ਦਿੰਦਾ ਰਹਿੰਦਾ। ਅੱਜ ਵੀ ਉਸ ਦੇ ਚਿਹਰੇ ਤੇ ਪੁਰਾਣੇ ਦੁੱਖਾਂ ਦੀ ਦਾਸਤਾਨ ਆਰ-ਪਾਰ ਫੈਲੀ ਹੋਈ ਹੈ। ਉਸ ਦੇ ਸੁੱਕੇ ਹੰਝੂਆਂ ਅਤੇ ਮਰੇ ਹੋਏ ਸੁਪਨਿਆਂ ਨੂੰ ਹਰ ਕੋਈ ਨਹੀਂ ਦੇਖ ਸਕਦਾ।
ਕੁਝ ਨੂੰਹਾਂ ਵਿਆਹ ਉਪਰੰਤ ਆਪਣੇ ਪੇਕੇ ਘਰ ਦੇ ਅਨੇਕਾਂ ਦੁੱਖ ਨਾਲ ਲੈ ਆਉਂਦੀਆਂ ਹਨ। ਇਹ ਪੁਰਾਣੇ ਦੁੱਖ ਨਵੇਂ ਘਰ ਨੂੰ ਵਸਾਉਣ ਵਿਚ ਰੁਕਾਵਟਾਂ ਬਣਦੇ ਹਨ। ਇੰਝ ਹੀ ਸੱਸ ਨੂੰ ਆਪਣੀ ਸੱਸ ਵੱਲੋਂ ਹੋਈਆਂ ਵਧੀਕੀਆਂ ਵਿਸਾਰ ਦੇਣੀਆਂ ਚਾਹੀਦੀਆਂ ਹਨ। ਇਹ ਤਾਂ ਕਦੇ ਸੰਭਵ ਹੀ ਨਹੀਂ ਹੋ ਸਕਦਾ ਕਿ ਆਪਣੀ ਸੱਸ ਦਾ ਬਦਲਾ ਆਪਣੀ ਨੂੰਹ ਤੋਂ ਲਿਆ ਜਾ ਸਕਦਾ ਹੋਵੇ। ਸੱਸ ਵੱਲੋਂ ਨੂੰਹ ਦੇ ਪੇਕੇ ਘਰ ਦੇ ਹਰ ਦੁੱਖ-ਸੁੱਖ ਵਿਚ ਸਾਥ ਦੇਣਾ ਚਾਹੀਦਾ ਹੈ। ਅਚੇਤ ਮਨ ਵਿਚ ਵਸੇ ਦੁੱਖ ਮਨੁੱਖ ਨੂੰ ਤਬਾਹ ਕਰ ਸਕਦੇ ਹਨ।
ਮਾਵਾਂ ਨੂੰ ਅਕਸਰ ਇਹ ਕਹਿੰਦੇ ਕਈ ਵਾਰ ਸੁਣਿਆ ਹੈ, ਪਰਾਏ ਘਰ ਜਾ ਕੇ ਕੀ ਕਰੇਂਗੀ। ਅਤੇ ਕੁੜੀਆਂ ਨੂੰ ਕੁਝ ਨਹੀਂ ਆਖੀਦਾ ਇਹ ਤਾਂ ਪਰਾਇਆ ਧਨ ਹੁੰਦੀਆਂ ਹਨ। ਇਨ੍ਹਾਂ ਦੋਹਾਂ ਵਾਕਾਂ ਤੋਂ ਸਪਸ਼ਟ ਹੈ ਕਿ ਨਾ ਸਹੁਰਾ ਘਰ ਅਤੇ ਨਾ ਹੀ ਪੇਕਾ ਘਰ ਉਸ ਦਾ ਆਪਣਾ ਹੈ। ਸਪੱਸ਼ਟ ਹੈ, ਦੋਹਾਂ ਘਰਾਂ ਵਿਚ ਕੁੜੀ ਪਰਾਈ ਹੈ। ਫਿਰ ਕੁੜੀ ਦਾ ਅਸਲ ਘਰ ਕਿਹੜਾ ਹੈ? ਸਮਾਜ ਲਈ ਇਹ ਇਕ ਗੁੰਝਲਦਾਰ ਸਵਾਲ ਹੈ। ਹਰ ਕੁੜੀ, ਇਸ ਸਵਾਲ ਦਾ ਜਵਾਬ ਚਾਹੁੰਦੀ ਹੈ।
ਅਜੋਕੇ ਯੁੱਗ ਵਿਚ ਨੂੰਹਾਂ ਵੀ ਸੱਸਾਂ ਨਾਲ ਅਨੇਕਾਂ ਵਧੀਕੀਆਂ ਕਰ ਰਹੀਆਂ ਹਨ। ਸਾਡੇ ਆਪਣੇ ਹੀ ਮੁਹੱਲੇ ਵਿਚ ਤਿੰਨ ਨੂੰਹਾਂ ਵਿਚੋਂ ਕੋਈ ਵੀ ਆਪਣੀ ਸੱਸ ਨੂੰ ਆਪਣੇ ਨਾਲ ਰੱਖਣ ਨੂੰ ਤਿਆਰ ਨਹੀਂ ਸੀ। ਪਰ ਸਮਾਜ ਦੇ ਡਰੋਂ ਵੱਡੀ ਨੂੰਹ ਨੇ ਸੱਸ ਨੂੰ ਆਸਰਾ ਦੇਣ ਦੀ ਜ਼ਿੰਮੇਵਾਰੀ ਕਬੂਲ ਲਈ। ਸੱਸ ਦੀ ਉਮਰ ਕੋਈ ਬਹੁਤੀ ਨਹੀਂ ਸੀ। ਪਰ ਇਕੱਲੇਪਣ ਨੇ ਉਸ ਨੂੰ ਚਿੰਤਾਵਾਂ ਦੇ ਦਿੱਤੀਆਂ। ਚਿੰਤਾਵਾਂ ਨੇ ਸਰੀਰ ਨੂੰ ਕਈ ਰੋਗ ਲਾ ਦਿੱਤੇ। ਉਸ ਨੂੰ ਦਵਾਈ ਗੁਆਂਢੀ ਦਿਵਾਉਂਦੇ ਰਹੇ। ਅੰਤ ਦੁਖੀ ਹੋ ਕੇ ਉਹ ਸੰਸਾਰ ਨੂੰ ਜਲਦੀ ਹੀ ਅਲਵਿਦਾ ਕਹਿ ਗਈ। ਅਸਲ ਵਿਚ ਉਸ ਦੇ ਮੁੰਡੇ ਆਪਣੀਆਂ ਚਲਾਕ ਪਤਨੀਆਂ ਦੇ ਗੁਲਾਮ ਬਣੇ ਹੋਏ ਸਨ।
ਕਈ ਨੂੰੂਹਾਂ ਆਪਣੀ ਸੱਸ ਨਾਲ ਦੁਰਵਿਵਹਾਰ ਕਰਦੀਆਂ ਹਨ। ਪਰ ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦੀ ਮਾਂ ਨਾਲ ਉਨ੍ਹਾਂ ਦੀਆਂ ਭਰਜਾਈਆਂ ਚੰਗਾ ਵਰਤਾਓ ਕਰਨ। ਇੰਜ ਹੀ ਅਨੇਕਾਂ ਸੱਸਾਂ, ਨੂੰਹਾਂ ਨੂੰ ਤੰਗ ਕਰ ਰਹੀਆਂ ਹਨ ਪਰ ਆਸ ਕਰਦੀਆਂ ਹਨ ਕਿ ਉਨ੍ਹਾਂ ਦੀਆਂ ਧੀਆਂ ਸਹੁਰੇ ਘਰ ਰਾਜ ਕਰਨ। ਇਹ ਦੋਹੇਂ ਢੰਗ ਇਕ ਦੂਜੇ ਲਈ ਮਾੜੀ ਸੋਚ ਦੇ ਧਾਰਨੀ ਹਨ। ਨੂੰਹ-ਸੱਸ ਰਿਸ਼ਤੇ ਵਿਚ ਪਰਸਪਰ ਸਾਂਝ ਅਤੇ ਚੰਗੀ ਸਮਝ ਦੀ ਲੋੜ ਹੁੰਦੀ ਹੈ।
ਨੂੰਹ-ਸੱਸ ਰਿਸ਼ਤੇ ਨੂੰ ਸੱਸ ਵੱਲੋਂ ਉਦੋਂ ਕੁਝ ਪ੍ਰਵਾਨਗੀ ਮਿਲਦੀ ਹੈ ਜਦੋਂ ਨੂੰਹ ਮੁੰਡਾ ਜੰਮਦੀ ਹੈ। ਇਹ ਪਿੱਛੇ ਮਨੋਵਿਗਿਆਨਕ ਪੱਖ ਇਹ ਹੈ ਕਿ ਸੱਸ ਨੇ ਵੀ ਆਪਣਾ ਮੁੰਡਾ ਜੰਮ ਕੇ ਨੂੰਹ ਨੂੰ ਸੌਂਪਿਆ ਹੁੰਦਾ ਹੈ। ਸੱਸ ਦਾ ਪੋਤੇ ਨਾਲ ਅਥਾਹ ਪਿਆਰ ਹੈ ਪਰ ਨੂੰਹ ਨਾਲ ਕਿਉਂ ਨਹੀਂ? ਇਹ ਕਿਸ ਤਰ੍ਹਾਂ ਸੰਭਵ ਹੈ ਕਿ ਅਸੀਂ ਮਾਲੀ ਨੂੰ ਨਫਰਤ ਕਰੀਏ ਅਤੇ ਉਸ ਦੇ ਉਗਾਏ ਫੁੱਲਾਂ ਨੂੰ ਪਿਆਰ ਕਰੀਏ। ਵਿਗਿਆਨਕ ਆਧਾਰ ਅਨੁਸਾਰ ਪੋਤੇ ਨਾਲ ਸੱਸ ਦਾ ਖੂਨ ਦਾ ਸਬੰਧ ਹੈ ਪਰ ਨੂੰਹ ਨਾਲ ਕੋਈ ਪੈਦਾਇਸ਼ੀ ਸਬੰਧ ਸਥਾਪਤ ਨਹੀਂ ਹੁੰਦਾ।
ਜਦੋਂ ਨੂੰਹ ਸੱਸ ਰਿਸ਼ਤੇ ਵਿਚ ਤਣਾਅ ਸ਼ੁਰੂ ਹੁੰਦਾ ਹੈ ਤਾਂ ਪੁਰਸ਼ ਜ਼ਿਆਦਾ ਸਮਾਂ ਘਰੋਂ ਬਾਹਰ ਰਹਿਣਾ ਪਸੰਦ ਕਰਦੇ ਹਨ। ਰਾਤਾਂ ਨੂੰ ਕੋਈ ਨਾ ਕੋਈ ਨਸ਼ਾ ਕਰਕੇ ਦੇਰ ਨਾਲ ਘਰ ਆਉਣਾ ਪੁਰਸ਼ਾਂ ਦੀ ਆਦਤ ਬਣ ਜਾਂਦੀ ਹੈ। ਇਸ ਤਰ੍ਹਾਂ ਸਾਡਾ ਸਮਾਜਕ ਤਾਣਾ-ਬਾਬਾ ਉਲਝਦਾ ਹੈ। ਸਮਾਜ ਵਿਚ ਕੁਰੀਤੀਆਂ ਅਤੇ ਜੁਰਮ ਵਧ ਜਾਂਦੇ ਹਨ। ਬੱਚਿਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਬੱਚਿਆਂ ਦੀਆਂ ਗਲਤ ਆਦਤਾਂ ਵੀ ਚੰਗੇ ਸਮਾਜ ਦੇ ਹਿੱਤ ਵਿਚ ਨਹੀਂ ਹੁੰਦੀਆਂ। ਬੱਚਿਆਂ ਦਾ ਬੌਧਿਕ ਵਿਕਾਸ ਰੁਕ ਜਾਂਦਾ ਹੈ।
ਅਕਸਰ ਦੋ ਧਿਰਾਂ ਵਿਚੋਂ ਇਕ ਧਿਰ ਤਕੜੀ ਅਤੇ ਦੂਜੀ ਧਿਰ ਕਮਜ਼ੋਰ ਹੁੰਦੀ ਹੈ। ਜੇ ਸੱਸ ਅਮੀਰ, ਹੰਕਾਰੀ ਅਤੇ ਚਲਾਕ ਹੈ ਤਾਂ ਉਹ ਨੂੰਹ ਲਈ ਮੁਸੀਬਤ ਬਣ ਸਕਦੀ ਹੈ। ਇੰਝ ਹੀ ਜੇਕਰ ਨੂੰਹ ਅਮੀਰ, ਖੁਦਗਰਜ਼ ਅਤੇ ਚਲਾਕ ਹੈ ਤਾਂ ਉਹ ਸੱਸ ਨੂੰ ਦਬਾਉਣ ਦੇ ਨੁਕਤੇ ਵਰਤਦੀ ਹੈ। ਜੇਕਰ ਸੱਸ, ਨੂੰਹ ਨੂੰ ਕੁੱਟਦੀ ਹੈ ਜਾਂ ਨੂੰਹ ਸੱਸ ਨੂੰ ਕੁੱਟਦੀ ਹੈ ਤਾਂ ਗੱਲ ਇਕੋ ਹੈ। ਚਾਹੀਦਾ ਤਾਂ ਇਹ ਹੈ ਕਿ ਦੋਵੇਂ ਮਿਲ ਕੇ ਪਰਿਵਾਰ ਦੀ ਬਿਹਤਰੀ ਵਾਸਤੇ ਕਾਰਜ ਕਰਨ। ਪਰ ਇਕ ਦੂਜੇ ਦੀ ਹਊਮੈ, ਇਕ ਹੋਣ ਹੀ ਨਹੀਂ ਦਿੰਦੀ।
ਅਨੇਕਾਂ ਨੂੰਹਾਂ ਸੜ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੀਆਂ ਹਨ। ਅਨੇਕਾਂ ਸੱਸਾਂ ਵੀ ਨੂੰਹਾਂ ਦੇ ਧੱਕੇ ਚੜ੍ਹ ਕੇ ਅਣਆਈ ਮੌਤ ਮਰ ਚੁੱਕੀਆਂ ਹਨ। ਪਰ ਹੁਣ ਸੋਚ ਬਦਲਣ ਦੀ ਲੋੜ ਹੈ। ਅਸੀਂ ਗਲਤ ਪਰੰਪਰਾਵਾਂ ਨੂੰ ਤਿਆਗ ਰਹੇ ਹਾਂ ਅਤੇ ਨਵੀਆਂ ਸਰਬੱਤ ਦੇ ਭਲੇ ਦੀਆਂ ਪਿਰਤਾਂ ਪਾ ਰਹੇ ਹਾਂ। ਨੂੰਹ-ਸੱਸਾਂ ਨੂੰ ਬਦਲੇ ਦੀ ਭਾਵਨਾ ਤਿਆਗ ਕੇ ਸਹਿਚਾਰ ਨਾਲ ਜਿਉਣ ਦਾ ਯਤਨ ਕਰਨਾ ਚਾਹੀਦਾ ਹੈ।
ਨੂੰਹ-ਸੱਸ ਰਿਸ਼ਤੇ ਨੂੰ ਸੰਭਾਲਣ ਲਈ ਮੁੰਡੇ ਦਾ ਵੱਡਾ ਯੋਗਦਾਨ ਹੋ ਸਕਦਾ ਹੈ। ਉਸ ਦੀ ਸਮਝਦਾਰੀ ਸਾਰੇ ਘਰ ਨੂੰ ਜੋੜ ਕੇ ਰੱਖ ਸਕਦੀ ਹੈ। ਉਹ ਆਪਣੀ ਮਾਂ ਅਤੇ ਆਪਣੀ ਪਤਨੀ ਵਿਚਕਾਰ ਚੰਗੇ ਸਬੰਧ ਉਸਾਰ ਸਕਦਾ ਹੈ। ਨੂੰਹ-ਸੱਸ ਰਿਸ਼ਤੇ ਵਿਚ ਸਹਿਣਸ਼ੀਲਤਾ ਦਾ ਸੰਕਲਪ ਬਹੁਤ ਮਹੱਤਤਾ ਰੱਖਦਾ ਹੈ। ਕਈ ਵਾਰ ਜੇ ਸੱਸ ਨੂੰ ਗੁੱਸਾ ਆ ਜਾਵੇ ਤਾਂ ਨੂੰਹ ਨੂੰ ਚੁੱਪ ਕਰ ਜਾਣਾ ਚਾਹੀਦਾ ਹੈ। ਜੇਕਰ ਨੂੰਹ ਤੋਂ ਕੋਈ ਗਲਤੀ ਹੋ ਜਾਵੇ ਤਾਂ ਸੱਸ ਨੂੰ ਉਸਾਰੂ ਸੇਧ ਦੇਣੀ ਚਾਹੀਦੀ ਹੈ।
ਸੱਸ ਨੂੰ ਨੂੰਹ ਦਾ ਧੰਨਵਾਦੀ ਬਣਨਾ ਚਾਹੀਦਾ ਹੈ ਕਿਉਂਕਿ ਨੂੰਹ ਨੇ ਉਸ ਦੇ ਮੁੰਡੇ ਦੀ ਅਧੂਰੀ ਜ਼ਿੰਦਗੀ ਨੂੰ ਪੂਰਿਆ ਹੁੰਦਾ ਹੈ। ਨੂੰਹ ਨੇ ਹੀ ਉਸ ਦੇ ਵੰਸ਼ ਨੂੰ ਅੱਗੇ ਵਧਾਉਣਾ ਹੈ। ਇੰਝ ਹੀ ਨੂੰਹ ਨੂੰ ਸੱਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਸੱਸ ਨੇ ਆਪਣੇ ਢਿੱਡ ਦਾ ਜਾਇਆ ਲਾਲ ਉਸ ਨੂੰ ਸੌਂਪਿਆ ਹੁੰਦਾ ਹੈ। ਉਸ ਦਾ ਮੁੰਡਾ ਹੀ ਨੂੰਹ ਦੇ ਸਿਰ ਦਾ ਸਾਈਂ ਬਣਿਆ ਹੁੰਦਾ ਹੈ। ਇਕ ਦੂਜੇ ਪ੍ਰਤੀ ਧੰਨਵਾਦੀ ਬਿਰਤੀ ਹੀ ਨੂੰਹ ਸੱਸ ਰਿਸ਼ਤੇ ਲਈ ਚੰਗੀਆਂ ਆਸਾਂ ਬੰਨ੍ਹ ਸਕਦੀ ਹੈ।
ਮਾਂ-ਪੁੱਤਰ ਦਾ ਰਿਸ਼ਤਾ ਪੈਦਾਇਸ਼ੀ ਹੈ। ਮਾਂ ਨੇ ਆਪਣੇ ਨਾੜੂਏ ਨਾਲੋਂ ਪੁੱਤ ਨੂੰ ਅਲੱਗ ਕੀਤਾ ਹੈ। ਇਹ ਮਾਂ ਦੀ ਕੁਦਰਤੀ ਜਿਣਸ ਹੈ। ਸੋ ਆਪਸੀ ਮੋਹ ਕੁਦਰਤੀ ਹੈ। ਪਤੀ-ਪਤਨੀ ਦਾ ਰਿਸ਼ਤਾ ਬੜਾ ਡੂੰਘਾ ਹੈ। ਇਸ ਰਿਸ਼ਤੇ ਵਿਚ ਰੂਹਾਨੀ ਅਤੇ ਜਿਸਮਾਨੀ ਸਬੰਧ ਹਨ। ਇਹ ਰਿਸ਼ਤਾ ਲੰਮਾ ਅਤੇ ਪੱਕਾ ਹੈ। ਇਸੇ ਰਿਸ਼ਤੇ ਵਿਚ ਮਨੁੱਖ ਦੀਆਂ ਪੰਜੇ ਗਿਆਨ-ਇੰਦਰੀਆਂ ਪੂਰਨ ਕਾਰਜਸ਼ੀਲ ਹੁੰਦੀਆਂ ਹਨ। ਸੋ ਇਥੇ ਇਕ ਦੂਸਰੇ ਪ੍ਰਤੀ ਖਿੱਚ ਕੁਦਰਤੀ ਅਤੇ ਬਹੁਤ ਤਕੜੀ ਹੈ। ਭੌਤਿਕ ਵਿਗਿਆਨ ਦੇ ਨਿਯਮ ਅਨੁਸਾਰ ਚੁੰਬਕ ਨੇ ਲੋਹੇ ਨੂੰ ਖਿੱਚਣਾ ਹੀ ਹੈ। ਪਰ ਲੋਹਾ ਲੋਹੇ ਨੂੰ ਕਿਸ ਨਿਯਮ ਅਧੀਨ ਖਿੱਚੇ? ਹੁਣ ਗੱਲ ਇਹ ਹੈ ਕਿ ਸੱਸ ਅਤੇ ਨੂੰਹ ਕਿਹੜੇ ਕੁਦਰਤੀ ਨਿਯਮ ਅਧੀਨ ਇਕ ਦੂਜੇ ਨੂੰ ਖਿੱਚ ਪਾਉਣ?
ਨੂੰਹ-ਸੱਸ ਰਿਸ਼ਤੇ ਵਿਚ ਪੈਦਾਇਸ਼ੀ ਪਿਆਰ ਸੰਭਵ ਹੀ ਨਹੀਂ ਹੁੰਦਾ। ਇਹ ਨਿਰੋਲ ਰੂਪ ਵਿਚ ਪਰਿਵਾਰਕ ਰਿਸ਼ਤਾ ਹੈ। ਨੂੰਹ-ਸੱਸ ਦਰਮਿਆਨ ਕੇਵਲ ਇਕੋ-ਇਕ ਰਿਸ਼ਤਾ ਸੰਭਵ ਹੋ ਸਕਦਾ ਹੈ ਅਤੇ ਉਹ ਹੈ ਦੋਸਤੀ। ਇਥੇ ਦੋਸਤੀ ਬਿਨਾਂ ਕੋਈ ਹੋਰ ਰਿਸ਼ਤਾ ਨਿਭ ਹੀ ਨਹੀਂ ਸਕਦਾ। ਦੋਸਤੀ ਕਿਸੇ ਨਾਲ ਵੀ ਸੰਭਵ ਹੋ ਸਕਦੀ ਹੈ। ਦੋਸਤੀ ਲਈ ਜਾਤ, ਕੌਮ, ਉਮਰ ਅਤੇ ਲਿੰਗ ਦੀਆਂ ਬੰਦਿਸ਼ਾਂ ਨਹੀਂ ਹੁੰਦੀਆਂ। ਕਈਆਂ ਦਾ ਵਿਚਾਰ ਹੈ ਕਿ ਨੂੰਹ-ਸੱਸ ਦਰਮਿਆਨ ਮਾਂ-ਧੀ ਵਾਲਾ ਰਿਸ਼ਤਾ ਸੰਭਵ ਹੈ। ਪਰ ਜੀਵ ਵਿਗਿਆਨਕ ਆਧਾਰ ਤੇ ਨੂੰਹ-ਸੱਸ ਵਿਚ ਹੱਡ-ਮਾਸ ਦਾ ਰਿਸ਼ਤਾ ਹੈ ਹੀ ਨਹੀਂ। ਨੂੰਹ-ਸੱਸ ਦਰਮਿਆਨ, ਮਾਂ-ਧੀ ਦਾ ਰਿਸ਼ਤਾ ਨਿਰੋਲ ਕਲਪਨਾ ਅਤੇ ਭਰਮ ਹੈ। ਇਹ ਰਿਸ਼ਤਾ ਕੇਵਲ ਬਣਾਉਟੀ ਰਿਸ਼ਤਾ ਹੈ। ਬਣਾਉਟੀ ਰਿਸ਼ਤੇ ਵਿਚੋਂ ਅਸਲ ਪਿਆਰ ਸੰਭਵ ਹੀ ਨਹੀਂ ਹੁੰਦਾ। ਪਰ ਹਾਂ, ਸੱਚੀਆਂ ਦੋਸਤੀਆਂ ਵਿਚੋਂ ਸੱਚਾ ਪਿਆਰ, ਇਕ ਨਿਰੋਲ ਸੱਚਾਈ ਹੈ।
ਮਾਂ ਦਾ ਪਿਆਰ, ਮਾਂ ਦਾ ਹੁੰਦਾ ਹੈ। ਪਤਨੀ ਦਾ ਪਿਆਰ, ਪਤਨੀ ਦਾ ਹੁੰਦਾ ਹੈ। ਪੁਰਸ਼ ਨੂੰ ਦੋਹਾਂ ਦੇ ਪਿਆਰ ਦੀ ਪਰਸਪਰ ਲੋੜ ਹੁੰਦੀ ਹੈ। ਨੂੰਹ-ਸੱਸ ਰਿਸ਼ਤੇ ਵਿਚ ਪਿਆਰ ਦਾ ਸੰਕਲਪ ਵੱਖੋ-ਵੱਖਰਾ ਹੁੰਦਾ ਹੈ। ਇੰਝ ਨੂੰਹ-ਸੱਸ ਨੂੰ ਆਪਣੇ ਮਨ ਵਿਚੋਂ ਈਰਖਾ ਮਿਟਾ ਦੇਣੀ ਚਾਹੀਦੀ ਹੈ। ਸਹਿਣਸ਼ੀਲਤਾ ਤੋਂ ਬਿਨਾਂ ਨੂੰਹ-ਸੱਸ ਰਿਸ਼ਤੇ ਵਿਚ ਦੋਸਤੀ ਸੰਭਵ ਹੀ ਨਹੀਂ। ਨੂੰਹ-ਸੱਸ ਦੋਸਤੀ ਉਥੇ ਹੀ ਸੰਭਵ ਹੋ ਰਹੀ ਹੈ ਜਿਥੇ ਸੋਚਾਂ ਉਚੀਆਂ ਅਤੇ ਇਰਾਦੇ ਨੇਕ ਹਨ। ਅੱਜ-ਕੱਲ੍ਹ ਸੂਝਵਾਨ ਅਤੇ ਸਿਆਣੀਆਂ ਨੂੰਹ-ਸੱਸਾਂ ਦੁਨੀਆਂ ਦਾ ਮੇਲਾ ਇਕੱਠੀਆਂ ਹੋ ਕੇ ਦੇਖ ਰਹੀਆਂ ਹਨ। ਦੋਸਤੀ ਵਿਚ ਇਕ ਧਿਰ ਦੂਜੀ ਧਿਰ ਲਈ ਕੁਰਬਾਨ ਹੋ ਜਾਂਦੀ ਹੈ। ਦੋਸਤੀ ਵਿਚ ਕੋਈ ਵੱਡਾ-ਛੋਟਾ ਨਹੀਂ ਹੁੰਦਾ। ਦੋਸਤੀ, ਇਕ ਦੂਜੇ ਨੂੰ ਸੁਆਰਥ ਰਹਿਤ ਪ੍ਰਵਾਨ ਕਰਨ ਦਾ ਨਾਂ ਹੈ। ਨੂੰਹ-ਸੱਸ ਰਿਸ਼ਤੇ ਵਿਚ ਦੋਸਤੀ ਲਈ ਪਹਿਲ ਸੱਸ ਨੂੰ ਹੀ ਕਰਨੀ ਪਵੇਗੀ। ਨੂੰਹ ਦਾ ਇਸ ਦੋਸਤੀ ਕਰਨ ਵਿਚ ਯੋਗਦਾਨ ਦੂਜੈਲਾ ਹੋਵੇਗਾ। ਪਰ ਦੋਸਤੀ ਲਈ ਦੋਹਾਂ ਧਿਰਾਂ ਦਾ ਇਕ ਦੂਜੇ ਨੂੰ ਪ੍ਰਵਾਨ ਹੋਣਾ ਅਤਿ ਜ਼ਰੂਰੀ ਹੁੰਦਾ ਹੈ। ਇਸ ਦੋਸਤੀ ਨਾਲ ਪਰਿਵਾਰ ਦੀਆਂ ਅਨੇਕਾਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਕਈ ਮਾਨਸਿਕ ਬਿਮਾਰੀਆਂ ਤੋਂ ਵੀ ਸਾਡਾ ਛੁਟਕਾਰਾ ਹੋ ਜਾਵੇਗਾ।

 
Old 13-Sep-2010
*Sippu*
 
Re: ਗੁੰਝਲਦਾਰ ਹੈ ਨੂੰਹ ਸੱਸ ਦਾ ਰਿਸ਼ਤਾ

ਨਾ ਸਹੁਰਾ ਘਰ ਅਤੇ ਨਾ ਹੀ ਪੇਕਾ ਘਰ ਉਸ ਦਾ ਆਪਣਾ ਹੈ। ਸਪੱਸ਼ਟ ਹੈ, ਦੋਹਾਂ ਘਰਾਂ ਵਿਚ ਕੁੜੀ ਪਰਾਈ ਹੈ।


 
Old 14-Sep-2010
H4RVI SINGH
 
Re: ਗੁੰਝਲਦਾਰ ਹੈ ਨੂੰਹ ਸੱਸ ਦਾ ਰਿਸ਼ਤਾ

ਅੱਗੋਂ ਸੱਸ ਬਘਿਆੜੀ ਟੱਕਰੀ। ...... ਬਘਿਆੜੀ means sherni na ?

 
Old 14-Sep-2010
Naughty_always
 
Re: ਗੁੰਝਲਦਾਰ ਹੈ ਨੂੰਹ ਸੱਸ ਦਾ ਰਿਸ਼ਤਾ

^^^ eda means b chalakan


sippu g...har koi eme da ni hunda

 
Old 15-Sep-2010
'MANISH'
 
Re: ਗੁੰਝਲਦਾਰ ਹੈ ਨੂੰਹ ਸੱਸ ਦਾ ਰਿਸ਼ਤਾ

main to oh likhiya ae..jo aaj kal de sachai ae........

 
Old 15-Sep-2010
pc_game_lover2004
 
Re: ਗੁੰਝਲਦਾਰ ਹੈ ਨੂੰਹ ਸੱਸ ਦਾ ਰਿਸ਼ਤਾ

thanks for sharing

Post New Thread  Reply

« can some one help me | Shiv Kumar Batalvi (intro) »
X
Quick Register
User Name:
Email:
Human Verification


UNP