ਤੂੰ ਜਾਦੂਗਰ ਏਂ - Surjit Patar

KARAN

Prime VIP
ਮੈਡਲਿਨ ਸਹਿਰ ਵਿਚ
ਕਵਿਤਾ ਉਤਸਵ ਦੇ ਦਿਨੀਂ
ਉਬਰੇਰੁ ਪਾਰਕ ਵਿਚ
ਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆ...

ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ " ਤੂੰ ਜਾਦੂਗਰ ਏਂ" ?

ਮੈਂ ਹੱਸ ਪਿਆ
ਕਹਿਣ ਲੱਗਾ ਸੀ ਨਹੀਂ ਪਰ ਅਚਾਨਕ ਕਿਹਾ " ਹਾਂ, ਮੈਂ ਜਾਦੂਗਰ ਹਾਂ"

ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਕੁੜੀਆਂ ਲਈ ਹਾਰ ਬਣਾ ਸਕਦਾ ਹਾਂ
ਮੈਂ ਜ਼ਖਮਾਂ ਨੂੰ ਫੁੱਲਾਂ ਵਿਚ ਬਦਲ ਸਕਦਾ ਹਾਂ
ਰੁੱਖਾਂ ਨੂੰ ਸਾਜ਼ ਬਣਾ ਸਕਦਾ ਹਾਂ
ਤੇ ਹਵਾ ਨੂੰ ਸਾਜ਼ਨਵਾਜ਼

ਸਚਮੁਚ ! ਬੱਚੇ ਨੇ ਕਿਹਾ
ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਬਣਾ ਦੇ
ਨਹੀਂ ! ਮੈਂ ਬੱਚਿਆਂ ਦਾ ਜਾਦੂਗਰ ਨਹੀਂ
ਮੈਂ ਵੱਡਿਆਂ ਦਾ ਜਾਦੂਗਰ ਹਾਂ

ਤਾਂ ਫਿਰ ਸਾਡੇ ਘਰ ਨੂੰ ਮਹਿਲ ਬਣਾ ਦੇ
ਨਹੀਂ ! ਸੱਚੀ ਗੱਲ ਤਾਂ ਇਹ ਹੈ
ਕਿ ਮੈਂ ਚੀਜ਼ਾਂ ਦਾ ਜਾਦੂਗਰ ਨਹੀਂ
ਮੈਂ ਸ਼ਬਦਾਂ ਦਾ ਜਾਦੂਗਰ ਹਾਂ

ਉਹ! ਹੁਣ ਸਮਝਿਆ
ਬੱਚਾ ਸਾਈਕਲ ਚਲਾਉਂਦਾ ਮੁਸਕੁਰਾਉਂਦਾ ਹੱਥ ਹਿਲਾਉਂਦਾ
ਪਾਰਕ ਤੋਂ ਬਾਹਰ ਚਲਾ ਗਿਆ
ਤੇ ਦਾਖ਼ਲ ਹੋ ਗਿਆ ਮੇਰੀ ਕਵਿਤਾ ਵਿਚ

Surjit Patar​
 
Top