ਅਸਾਡੀ ਤੁਹਾਡੀ ਮੁਲਾਕਾਤ ਹੋਈ - surjit patar

KARAN

Prime VIP
ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਵੇਂ ਬਲਦੇ ਜੰਗਲ 'ਤੇ ਬਰਸਾਤ ਹੋਈ

ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ
ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ

ਤੂੰ ਤੱਕਿਆ ਤਾਂ ਰੁੱਖਾ ਨੂੰ ਫੁੱਲ ਪੈ ਗਏ ਸਨ
ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ

ਮੈਂ ਉਸਦਾ ਹੀ ਲਫਜ਼ਾਂ ' ਅਨੁਵਾਦ ਕੀਤਾ
ਜੁ ਰੁੱਖਾਂ ਤੇ ਪੌਣਾਂ 'ਚ ਗੱਲਬਾਤ ਹੋਈ

ਉਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ
ਅਜਬ ਗੱਲ ਖਵਾਤੀਨੋ ਹਜ਼ਰਾਤ ਹੋਈ

ਪਲਕ ਤੇਰੀ ਮਿਜ਼ਰਾਬ, ਦਿਲ ਸਾਜ਼ ਮੇਰਾ
ਸੀ ਅਨੁਰਾਗ ਦੀ ਇਉਂ ਸ਼ੁਰੂਆਤ ਹੋਈ

ਉਹ ਓਨਾ ਕੁ ਖੁਰਿਆ ਪਿਘਲਿਆ ਤੇ ਰੁਲਿਆ
ਹੈ ਜਿੰਨੀ ਕੁ ਜਿਸ ਜਿਸ ਦੀ ਔਕਾਤ ਹੋਈ

ਉਨੇ ਜ਼ਹਿਰ ਪੀਤੀ ਜਿਵੇਂ ਹੋਵੇ ਅੰਮ੍ਰਿਤ
ਨਹੀਂ ਐਵੇਂ ਸੁਕਰਾਤ ਸੁਕਰਾਤ ਹੋਈ

ਰਗਾਂ ਰਾਗ ਹੋਈਆਂ, ਲਹੂ ਲਫਜ਼ ਬਣਿਆ
ਕਵੀ ਦੀ ਤੇ ਕਵਿਤਾ ਦੀ ਇਕ ਜ਼ਾਤ ਹੋਈ.....

Surjit Patar
 
Top