ਮੈ ਹੁਣ ਸੌਣਾ ਚਾਹੁੰਦਾ ਹਾਂ - Shiv Kumar Batalavi


shiv-1.jpg



ਹਾਂ ਸੱਜਨ !
ਮੈਨੂੰ ਨੀਦ ਆ ਗਈ
ਹਾਂ ਸੱਜਨ !
ਮੈਂ ਸੌਣਾ ਚਾਹੁੰਦਾਂ
ਦਿਨ-ਦੀਵੀਂ, ਭਰ ਸ਼ਿਖਰ ਦੁਪਹਿਰੇ
ਸੂਰਜ ਕਿਤੇ ਬੁਝਾਣਾ ਚਾਹੁੰਦਾ
ਹਰ ਦਿੰਹੁ,
ਮੇਰੀ ਨੀੰਦ ਦਾ ਪਿੰਡਾ
ਅਗਨ-ਸਰਪਨੀ ਨੇ ਡੰਗਿਆ ਹੈ
ਹਰ ਦਿੰਹੁ ਮੇਰਾ,
ਪਰ ਅੰਗ ਛੋਹ ਪਾ
ਹੋਈ ਗਰਭਵਤੀ ਦੇ ਵਾਕਿਣ,
ਲੱਜਿਆ ਸੰਗ ਭਿੱਜਿਆ ਲੰਘਿਆ ਹੈ
ਹਰ ਦਿੰਹੁ ਮੇਰਾ,
ਸਮੇਂ ਦੀ ਸੁੱਕੀ ਸੂਲੀ ਉਪਰ
ਸੂਤਕ-ਰੁੱਤ ਤੋ ਹੀ ਟੰਗਿਆ ਹੈ
ਹਾਂ ਹਾਂ ਸੱਜਨ,
ਮੈ ਕਹਿੰਦਾ
ਮੈਂ ਜਗਰਾਤੇ ਦਾ ਥਲ ਲੰਘਿਆ ਹੈ
ਥੱਕ ਟੁੱਟ ਕੇ ਅਜ ਜੀਭ ਮੇਰੀ ਨੇ
ਨੀੰਦਰ ਦਾ,
ਇਲ ਘੁ੍ੱਟ ਮੰਗਿਆ ਹੈ
ਹਾਂ ਸੱਜਨ !
ਮੈਨੂੰ ਨੀੰਦ ਆ ਗਈ
ਹਾਂ ਸੱਜਨ !
ਮੈਂ ਸੌਣਾ ਚਾਹੁੰਦਾਂ

ਹਾਂ ਹਾਂ ਮੈ ਹੁਣ,
ਸੌਣਾ ਚਾਹੁੰਦਾ
ਆਪਣੇ ਪਰਛਾਵੇਂ ਦੀ ਛਾਵੇਂ
ਮੇਰੇ ਪਰਛਾਵੇਂ ਦੇ ਭਾਵੇਂ
ਪੁੱਤਰ ਟਾਵੇਂ ਟਾਵੇਂ
ਮੇਰੇ,
ਪਰਛਾਵੇਂ ਦੀ ਛਾਵੇਂ
ਕੋਈ ਪੰਛੀ ਨਾ ਗਾਵੇ
ਮੇਰੇ ਪਰਛਾਵੇਂ ਨੂੰ ਭਾਵੇਂ
ਤੂੰ ਵੀ ਅੰਗ ਨਾ ਲਾਵੇਂ
ਪਰ ਮੈਂ,
ਫਿਰ ਵੀ ਸੌਣਾ ਚਾਹੁੰਦਾਂ
ਆਪਣੀ ਧੁੱਪ ਦੀ ਛਾਵੇਂ

From - Loona

.
 
Top