roohaa vaale haani milde nahi facebook te

ਇੱਕ ਓਸ ਨੌਜਵਾਨ ਕੁੜੀ ਦੀ ਕਹਾਣੀ ਜੋ ਫੇਸਬੁਕ ਤੇ ਆਪਣਾ ਦਿਲ ਦੇ ਬੈਠਦੀ ਹੈ
ਤੇ ਬਾਅਦ ਵਿੱਚ ਖੁਦਕੁਸ਼ੀ ਕਰਨੀ ਪੈਂਦੀ ਹੈ । ਜਰਾ ਧਿਆਨ ਨਾਲ............
ਨਵਾਂ ਨਵਾਂ ਮੁੰਡੇ ਨੇ ਮੋਬਾਇਲ ਲੈ ਲਿਆ,
ਫੇਸਬੁਕ ਨਾਲ ਵੀ ਸੀ ਪੰਗਾ ਲੈ ਲਿਆ
ਸੋਹਣੀ ਜਿਹੀ ਨੈਟ ਉੱਤੋਂ ਫੋਟੋ ਚੱਕ ਲਈ,
ਪਤਾ ਪਹਿਚਾਣ ਸਭ ਝੂਠ ਰੱਖ ਲਈ ।
ਅੱਧੀ ਰਾਤ ਤੱਕ ਸੀ ਕਮੈਂਟ ਕਰਦਾ,
ਮਾਪਿਆਂ ਨੂੰ ਲੱਗੇ ਮੁੰਡਾ ਬਹੁਤ ਪੜ੍ਹਦਾ ।
ਲੱਭਦਾ ਸੀ ਕੋਈ ਮੈਨੂੰ ਹੀਰ ਮਿਲਜੇ,
ਦਿਲ ਵਾਲਾ ਸੁੱਕਾ ਜਿਹੜਾ ਫੁੱਲ ਖਿੜਜੇ ।
ਕਰਦੇ ਕਰਾਉਂਦੇ ਇੱਕ ਹੂਰ ਮਿਲ ਗਈ,
ਪੜ੍ਹੀ ਲਿਖੀ ਕੁੜੀ ਮਸ਼ਹੂਰ ਮਿਲ ਗਈ ।
ਮੁੰਡੇ ਨੇ ਸੀ ਹੌਲੀ ਹੌਲੀ ਜਾਲ ਪਾ ਲਿਆ,
ਕੁੜੀ ਨੂੰ ਸੀ ਮੁੰਡੇ ਨੇ ਤਾਂ ਪਿੱਛੇ ਲਾ ਲਿਆ ।
ਮੁੰਡਾ ਕਹਿੰਦਾ ਆਪਾਂ ਮੁਲਾਕਾਤ ਕਰਨੀ,
ਪਿਆਰ ਵਾਲੀ ਹੁਣ ਸ਼ੁਰੂਆਤ ਕਰਨੀ ।
ਗੱਲ ਸੁਣ ਕੁੜੀ ਵੀ ਸਟੈਂਡ ਵੀ ਲੈ ਗਈ,
ਮੁੰਡੇ ਦਿਆਂ ਚੱਕਰਾਂ 'ਚ ਝੱਲੀ ਪੈ ਗਈ ।
ਮੁਲਾਕਾਤ ਲਈ ਉਹਨਾ ਥਾਂ ਚੁਣ ਲਈ,
ਪਿਆਰ ਵਾਲੀ ਤਾਣੀ ਹੁਣ ਗੂੜ੍ਹੀ ਬੁਣ ਲਈ ।
ਸਾਹਮਣੇ ਖਲੋ ਗਏ ਦੋਵੇ ਜਣੇ ਆਣਕੇ,
ਖੁਸ਼ ਹੋ ਗਏ ਪਿਆਰ ਦਾ ਅਨੰਦ ਮਾਣਕੇ ।
ਮਿਲਣਾ ਮਿਲਾਉਣਾ ਹੁਣ ਆਮ ਹੋ ਗਿਆ,
ਮਾਪਿਆਂ ਤੋਂ ਜਿਆਦਾ ਮੁੰਡਾ ਖਾਸ ਹੋ ਗਿਆ ।
ਇੱਜਤਾਂ ਦੀ ਪੰਡ ਕੁੜੀ ਬਹਿ ਗਈ ਵੇਚਕੇ,
ਸੋਚਦੀ ਏ ਇਸ਼ਕੇ ਦੀ ਅੱਗ ਸੇਕ ਕੇ ।
ਕੁੜੀ ਕਹਿੰਦੀ ਵਿਆਹ ਕਰਵਾ ਲੈਨੇ ਆਂ,
ਆਪਾਂ ਨਵੀਂ ਜਿੰਦਗੀ ਵਸਾ ਲੈਨੇ ਆਂ ।
ਮੁੰਡਾ ਕੁੜੀ ਪਿੰਡੋਂ ਚੰਡੀਗੜ੍ਹ ਆ ਗਏ,
ਹੋਟਲ ਦੇ ਵਿੱਚ ਪੂਰੀ ਰਾਤ ਲਾ ਗਏ ।
ਮੁੰਡਾ ਕਹਿੰਦਾ ਡਾਕੂਮੈਂਟ ਘਰ ਰਹਿ ਗਏ,
ਕੁੜੀ ਦੇ ਸੀ ਦਿਲ ਨੂੰ ਤਾਂ ਹੌਲ ਪੈ ਗਏ ।
ਮੁੰਡਾ ਕਹਿੰਦਾ ਡਰ ਨਾ ਮੈਂ ਲੈ ਕੇ ਆਊਂਗਾ,
ਤੈਨੂੰ ਮੈਂ ਵਿਆਹ ਕੇ ਸੱਚੀਂ ਲੈ ਕੇ ਜਾਊਂਗਾ ।
ਘੰਟੇ ਬਾਅਦ ਫੋਨ ਉਹਦਾ ਬੰਦ ਹੋ ਗਿਆ,
ਕੁੜੀ ਲਈ ਤਾਂ ਹਰ ਬੂਹਾ ਬੰਦ ਹੋ ਗਿਆ ।
ਕੀਤੀਆਂ ਉਡੀਕਾਂ ਉਹਨੇ ਧਾਂਹਾਂ ਮਾਰਕੇ,
ਜਿਸਮ ਵਪਾਰੀ ਸੁੱਟ ਗਏ ਵਿਸਾਰ ਗਏ ।
ਪਿੰਡ ਅਤੇ ਸ਼ਹਿਰ ਤੋਂ ਵੀ ਅਨਜਾਣ ਸੀ,
ਦਿਲ ਵਿੱਚ ਢੇਰੀ ਹੋਏ ਪਏ ਅਰਮਾਨ ਸੀ ।
ਫੇਸਬੁਕ ਉੱਤੇ ਨਾਮ ਪਤਾ ਸਭ ਝੂਠ ਸੀ,
ਕਸਮਾਂ ਤੇ ਵਾਅਦੇ ਉਹਦੇ ਸਭ ਝੂਠ ਸੀ ।
ਜਿਸਮਾਂ ਦੀ ਲੁੱਟੀ ਕੁੜੀ ਗੁੱਸਾ ਖਾ ਗਈ,
ਗੁੱਸੇ ਵਿੱਚ ਆ ਕੇ ਸਲਫਾਸ ਖਾ ਗਈ ।
ਲੱਖਾਂ ਭੈਣਾਂ ਏਦਾਂ ਦਾ ਸ਼ਿਕਾਰ ਹੋ ਗਈਆਂ,
ਜਿੰਦਗੀ ਤੋਂ ਆਪ ਹੀ ਬੇਕਾਰ ਹੋ ਗਈਆਂ ।
ਮੁੰਡਿਆਂ ਦਾ ਕੀ ਏ ਦਿਲ ਤੋੜ ਦਿੰਦੇ ਨੇ,
ਇੱਜਤਾਂ ਨੂੰ ਲੁੱਟਕੇ ਮਧੋਲ ਦਿੰਦੇ ਨੇ ।
ਹੱਥ ਜੋੜ ਧੀਆਂ ਨੂੰ ਸਮਝਾਉਣਾ ਚਾਹੁੰਦਾ ਹਾਂ
ਰਾਕਸ਼ਾਂ ਤੋਂ ਧੀਆਂ ਨੂੰ ਬਚਾਉਣਾ ਚਾਹੁੰਦਾ ਹਾਂ
ਪੜ੍ਹਿਓ ਭਾਂਵੇਂ ਜੀ ਇਹਨੂੰ ਤੁਸੀਂ ਲੁਕ ਲੁਕ ਕੇ,
ਰੂਹਾਂ ਵਾਲੇ ਹਾਣੀ ਮਿਲਦੇ ਨਹੀਂ 'ਫੇਸਬੁਕ' ਤੇ ।
ਰੂਹਾਂ ਵਾਲੇ ਹਾਣੀ ਮਿਲਦੇ ਨਹੀਂ 'ਫੇਸਬੁਕ' ਤੇ ।
 
Top