Karaar / Deepak Jatoi

→ ✰ Dead . UnP ✰ ←

→ Pendu ✰ ←
Staff member
ਮਿਟੀ ਖ਼ਲਿਸ਼ ਨਾ ਨਮਾਵੇਂ ਦਿਲ ਦੀ; ਕਿਸੇ ਤਰ੍ਹਾਂ ਨਾ ਕਰਾਰ ਆਇਆ,
ਉਨ੍ਹਾ ਦੇ ਬਿਲਕੁਲ ਕਰੀਬ ਰਹਿ ਕੇ ਮੈਂ ਸਾਰੀ ਉਮਰ ਗੁਜ਼ਾਰ ਆਇਆ|

ਹੁਸੀਨ ਕਿੰਨਾ ਸੀ ਓਹ ਨਜ਼ਾਰਾ, ਕਿਵੇਂ ਕਰਾਂ ਮੈਂ ਬਿਆਨ ਯਾਰੋ,
ਜਦੋਂ ਓਹ ਆਇਆ ਖ਼ਿਲਾਰ ਜੁਲਫ਼ਾ; ਮਿਰੀ ਨਜ਼ਰ ਵਿੱਚ ਖੁਮਾਰ ਆਇਆ|

ਹਯਾ ਦੇ ਪਰਦੇ ’ਚ ਬੇ-ਹਯਾਈ ਮਿਰੀ ਨਜ਼ਰ ਤੋਂ ਨਾ ਦੇਖ ਹੋਈ,
ਲੁਟਾ ਕੇ ਅੱਖਾਂ ਦੀ ਰੌਸ਼ਨੀ ਮੈਂ; ਵਫ਼ਾ ਦਾ ਕਰਜ਼ਾ ਉਤਾਰ ਆਇਆ|

ਮੈਂ ਪਾਕ ਦਾਮਨ ਹਾਂ; ਅੱਜ ਤੱਕ ਭੀ! ਮਗਰ ਹੈ ਨਾਪਾਕ ਦੁਨਿਆ ਤੇਰੀ,
ਤੇਰੇ ਹੀ ਬੰਦਿਆਂ ਤੋਂ ਜ਼ਖਮ ਖਾ ਕੇ ਮੈਂ ਲੱਖਾਂ ਪੀੜਾਂ ਸਹਾਰ ਆਇਆ|

ਅਸੀਂ ਤਾਂ ਸਿੰਜਿਆ ਸੀ ਖੂਨ ਪਾ ਪਾ ਕਿ ਇਸ ਚਮਨ ਵਿੱਚ ਬਹਾਰ ਖੇਡੇ,
ਮਗਰ ਨਾ ਆਈ ਬਹਾਰ ਅੱਜ ਤੱਕ ਨਾ ਫ਼ੁਲਾਂ ਉੱਤੇ ਨਿਖਾਰ ਆਇਆ|

ਸ਼ਰਾਬ ਪੀ ਕੇ ਵੀ ਕੀ ਕਰਾਂਗੇ? ਬਿਫ਼ਰਿਆ ਫ਼ਿਰਦੈ ਜਦੋਂ ਇਹ ਸਾਕੀ,
ਨਾ ਇਸ ਦੇ ਦਿਲ ਵਿੱਚ ਜਗੀ ਮੁਹੱਬਤ; ਨਾ ਇਸਦੇ ਨੈਣ੍ਹਾਂ ਵਿੱਚ ਪਿਆਰ ਆਇਆ|

ਬੁਝੇ ਅਨੇਕਾ ਘਰਾਂ ਦੇ ਦੀਵੇ; ਸੜ੍ਹੇ ਅਨੇਕਾਂ ਦੇ ਪਾਕ ਦਾਮਨ,
ਅਸੀਂ ਹਾਂ ਕਿਸ ਥਾਂ ਤੋਂ ਰਾਹ ਭੁੱਲੇ? ਕਿਸੇ ਨੂੰ ਇਹ ਨਾ ਵਿਚਾਰ ਆਇਆ|

ਨਸਹੀਤਾਂ ਮੈਨੂੰ ਕਰਨ ਵਾਲੇ! ਤੂੰ ਆਪਣੀ ਬੁੱਕਲ ਵਿੱਚ ਝਾਕ ਤਾਂ ਲੈ,
ਕਿ, ਕੀ ਵਜ੍ਹਾ ਹੈ? ਮਿਰੇ ਗਰਾਂ ਵਿੱਚ ਹਨੇਰ ਉੱਠਿਆ; ਗੁਬਾਰ ਆਇਆ|

ਕੋਈ ਹੈ ਤਿਰਸ਼ੂਲ ਚੁੱਕੀ ਫ਼ਿਰਦਾ; ਹੈ ਕੋਈ ਤੁਰਦਾ ਛੁਰਾ ਲਕ੍ਹੋ ਕੇ,
ਬੜੇ ਮਹੱਜ਼ਬ ਨੇ ਲੋਕ ਅੱਜਕੱਲ੍ਹ ; ਜੋ ਆਇਆ ਹਊਮੈ ਸਵਾਰ ਆਇਆ|

ਸੁਣੀ ਨਾ ਮੁਰਲੀ ਦੀ ਤਾਨ ਕਿੱਧਰੇ ; ਕਿਸੇ ਨਗਰ ਨਾ ਰਬਾਬ ਗੂੰਜੀ,
ਨਾ ਆਇਆ ਵੰਝਲੀ ਵਜਾਓਂਦਾ ਕੋਈ; ਨਾ ਹੀ ਵਜਾਓਂਦਾ ਸਿਤਾਰ ਆਇਆ|

ਚਲਨ ’ਚ ਆਈ ਨਹੀਂ ਗਿਰਵਾਟ; ਨਾ ਉਮਰ ਭਰ ਉੱਚੀ ਅੱਖ ਉੱਠੀ,
ਪਤਾ ਨਹੀਂ ਫ਼ਿਰ ਭੀ ਕਿਓਂ ਐ “ਦੀਪਕ” ਤਿਰਾ ਬਦਾਂ ਵਿੱਚ ਸ਼ੁਮਾਰ ਆਇਆ|
 
Top