ਬਿਨਾ ਪਰ ਤਰਕ ਲਹਿਰਾਂ ‘ਤੇ ਸ਼ਿਕਾਇਤ ਹੋ ਰਹੀ ਏਥੇ i

ਗਜ਼ਲ
ਵਫ਼ਾ ਦੇ ਰਿਸ਼ਤਿਆਂ ਵਿਚ ਹੁਣ,ਸਿਆਸਤ ਹੋ ਰਹੀ ਏਥੇ i
ਦਿਲਾਂ ਨੂੰ ਸਮਝ ਕੇ ਵਸਤੂ ,ਤਿਜਾਰਤ ਹੋ ਰਹੀ ਏਥੇ i

ਸਮੁੰਦਰ ਨਾਲ ਮਿਲਕੇ ਹੁਣ, ਡੁਬਾਉਂਦਾ ਹੈ ਮਲਾਹ ਕਿਸ਼ਤੀ,
ਬਿਨਾ ਪਰ ਤਰਕ ਲਹਿਰਾਂ ‘ਤੇ, ਸ਼ਿਕਾਇਤ ਹੋ ਰਹੀ ਏਥੇ i

ਇਹ ਡਰਦੇ ਨਾਗ ਨਾ ਅਜ ਕਲ,ਸਪੇਰੇ ਦੇ ਵੀ ਕੀਲਣ ਤੋਂ,
ਸਪੇਰੇ ਤੋਂ ਵੀ ਨਾਗਾਂ ਦੀ, ਖੁਸ਼ਾਮਤ ਹੋ ਰਹੀ ਏਥੇ i

ਕਦੇ ਨ੍ਹੇਰਾ ਮਿਟਾਇਆ ਨਾ, ਕਿਸੇ ਦੀ ਜਿੰਦਗੀ ‘ਚੋਂ ਪਰ,
ਜਗਾ ਕੇ ਦੀਪ ਪੱਥਰਾਂ ਦੀ, ਇਬਾਦਤ ਹੋ ਰਹੀ ਏਥੇ i

ਦਿਲਾਂ ਨੂੰ ਕਰ ਲਿਆ ਪੱਥਰ, ਹਕੂਮਤ ਦੇ ਤਸ਼ੱਦਦ ਤੋਂ,
ਕਦੇ ਨਾ ਜ਼ਾਲਮਾਂ ਦੀ ਪਰ, ਖਿਲਾਫਤ ਹੋ ਰਹੀ ਏਥੇ i

ਬਿਨਾ ਰੂਹਾਂ ਤੋਂ ਜਿਸਮਾਂ ਨੂੰ, ਬਣਾਇਆ ਹੈ ਸਦਾ ਖੰਡਰ,
ਬਿਨਾ ਪੰਨਿਆਂ ਤੋਂ ਜਿਲਦਾਂ ਦੀ,ਹਿਫ਼ਾਜ਼ਤ ਹੋ ਰਹੀ ਏਥੇ i

ਜੋ ਕੀਤੇ ਕੌਲ ਰਾਤਾਂ ਨੂੰ,ਉਹ ਦਿਨ ਚੱੜਦੇ ਭੁਲਾ ਦੇਣਾ,
ਭਰੋਸੇ ਨੂੰ ਪੁਗਾਉਣਾ ਤਾਂ, ਬੁਜਾਰਤ ਹੋ ਰਹੀ ਏਥੇ i

ਨਿਰਾਸ਼ਾ ਦੇ ਤੂੰ ਰਾਹਾਂ ਤੇ, ਸਦਾ ਆਸਾਂ ਵਿਛਾ ਦੇਣਾ,
ਖੁਦਾ ਦੀ ਪਾਕ ਜਜਬੇ ਤੇ, ਇਨਾਇਤ ਹੋ ਰਹੀ ਏਥੇ i
ਆਰ.ਬੀ.ਸੋਹਲ
 
Top