hahaakaar!!!!!!

ਮੱਚ ਗਈ ਹਾਹਾਕਾਰ ਨੀਂ,
ਮੱਚ ਗਈ ਹਾਹਾਕਾਰ ਨੀਂ,
ਪਿੰਡ ਦੇ ਮੁੰਡੇ
ਸ਼ਹਿਰਾਂ ਵਿੱਚ ਆ,
ਕਰਦੇ ਫਿਰਨ ਸ਼ਿਕਾਰ ਨੀਂ;


ਸੁਣਿਆ ਸੀ
ਇਹ ਪਿੰਡ ਦੇ ਮੁੰਡੇ,
ਜੇ ਨਿਕਲਣ ਪਿੰਡ ਤੋਂ ਬਾਹਰ ਨੀਂ,
ਆੜਤੀਏ, ਖਲ-ਚੋਕਰ ਵਾਲੇ,
ਜਾ ਫਿਰ ਖਾਦਾਂ ਵਾਲਿਆਂ ਦੇ ਇਹ
ਹੁੰਦੇ ਜਾਣੂਕਾਰ ਨੀਂ,
ਲੱਗਦੈ ਭੁੱਲ ਭੁਲੇਖੇ ਆ ਗਏ,
ਜਾ ਫਿਰ ਭੀੜਾਂ ਤੋਂ ਘਬਰਾ ਗਏ,
ਜਾ ਫਿਰ ਇਹ ਨਿਰੇ ਭੁਲੱਕੜ
ਭਟਕ ਗਏ ਬਜਾਰ ਨੀਂ;


” ਇਹ ਬੁੱਝੜ ਜਿਹੇ
ਉਜੱਡ ਕਿਸਮ ਦੇ”
ਕਈ ਆਖਣ ਇੱਜਤਦਾਰ ਨੀਂ,
ਹੱਥ ਵਿੱਚ ਛੱਲੇ,
ਗਲ ਵਿੱਚ ਕੈਂਠੇ,
ਇਹਨਾਂ ਲੁੱਟਿਆ ਕੋਈ ਸੁਨਿਆਰ ਨੀਂ,
ਕੁੱਝ ਮੁਟਿਆਰਾਂ ਹੋਈਆਂ ਸਣਕੀਂ,
ਕੁੱਝ ਮੁਟਿਆਰਾਂ ਹੋਈਆਂ ਸੌਂਕੀ,
ਕਈਆਂ ਦਾ ਹੈ ਸੰਗ ਵਿੱਚ ਫਸਿਆ,
ਬੁੱਲਾਂ ਦਾ ਇਜ਼ਹਾਰ ਨੀਂ;


ਗਲੀਓਂ-ਗਲੀਆਂ ਖਿੰਡ ਗਏ ਸਾਰੇ,
ਲੱਗਦੇ ਹੁਸ਼ਨਾਂ ਦੇ ਵਣਜਾਰੇ,
ਦਿਲੋਂ ਲੱਗਦੇ ਨੇ ਦਿਲਦਾਰ ਨੀਂ,
ਘਸੀਆਂ ਜੁੱਤੀਆਂ ਕੋਕੇ ਜੜਕੇ,
ਤੁਰਦੇ ਛਾਤੀਆਂ ਚੌੜੀਆਂ ਕਰਕੇ,
ਇਹ ਹਿੰਮਤ ਦੇ ਹਥਿਆਰ ਨੀਂ,
ਕਈਆਂ ਦੇ ਤਾਂ ਵਟ ਗਏ ਛੱਲੇ,
ਕਈਆਂ ਦੇ ਅਜੇ ਖਾਲੀ ਪੱਲੇ,
ਫਾਟਕ ਤੋਂ ਪਹਿਲਾਂ ਪਰ ਸਭ ਨੇ
ਕਰ ਲੈਣਾ ਝਣਾਵਾਂ ਪਾਰ ਨੀਂ;


ਨਜ਼ਰਾਂ ਤੇਜ ਤਰਾਰ ਨੇ ਬੜੀਆਂ,
ਕਈਆਂ ਦੇ ਤਾਂ ਇਹ ਆ ਲੜੀਆਂ,
ਜੋ ਖੜੀਆਂ ਬੂਹਿਓਂ ਬਾਹਰ ਨੀਂ,
ਰਹਿੰਦੀਆਂ ਖੂੰਹਦੀਆਂ ਕੋਠੇ ਚੜੀਆਂ,
ਐਵੈਂ ਸੜੀਆਂ ਹੌਂਕੇ ਲੈ ਲੈ
ਖਾਵਣ ਲੱਗੀਆਂ ਖਾਰ ਨੀਂ,
ਅੱਜ ਇਹ ਆਏ,
ਕੱਲ ਹੋਰ ਆ ਜਾਣੇ,
ਪਿੰਡ ਵਿੱਚ ਕਿਹੜਾ ਮੁੱਕ ਹੈ ਜਾਣੀ,
ਇਹਨਾਂ ਦੀ ਭਰਮਾਰ ਨੀਂ;


ਮੇਰੀਆਂ ਰਮਜਾਂ,
ਮੇਰੀਆਂ ਤੜਫਾਂ,
ਤੇ ਮੇਰੇ ਇੱਕਰਾਰ ਨੀ,
ਇੱਕ ਤਿੱਖੜੇ ਜਿਹੇ
ਮੁੰਡੜੇ ਉੱਤੋਂ
ਕਰ ਦਿੱਤੇ ਬਲਿਹਾਰ ਨੀਂ,
ਤੂੰ ਵੀ ਖੱਟ ਲੈ,
ਤੂੰ ਵੀ ਪੱਟ ਲੈ,
ਮੈਂ ਤਾਂ ਚਕਮਾ ਦੇ ਕੇ ਪੱਟ ਲਿਆ
ਪੇਂਡੂਆਂ ਦਾ ਸਰਦਾਰ ਨੀਂ,
ਮੱਚ ਗਈ ਹਾਹਾਕਾਰ ਨੀਂ,
ਮੱਚ ਗਈ ਹਾਹਾਕਾਰ ਨੀਂ,
ਪਿੰਡ ਦੇ ਮੁੰਡੇ
ਸ਼ਹਿਰਾਂ ਵਿੱਚ ਆ,
ਕਰਦੇ ਫਿਰਨ ਸ਼ਿਕਾਰ ਨੀਂ;
 
Top