ਸਫਰ.....Gurmukh Dhiman

ਹੋ ਗਈ ਸਫਰ ਦੀ ਸ਼ੁਰੂਆਤ ਹੈ ਤੁਰਨਾ ਹੈ ਤੁਹਾਨੂੰ ਨਾਲ ਲੈ ਕੇ,
ਕਰਿਉ ਨਾ ਦੇਰੀ ਦੋਸਤੋ ਨਾ ਉਡੀਕਦਾ ਰਹਿ ਜਾਂ ਬਹਿ ਕੇ,

ਅਜੇ ਸ਼ਿਕਵਿਆਂ ਦਾ ਸਮਾਂ ਨਹੀਂ ਨਾ ਗਿਲੇ ਕਰਨ ਦਾ ਵਕਤ ਹੈ,
ਵਕਤ ਆਉਣ ਤੇ ਪੁੱਛਾਂਗਾ ਉਹਨਾਂ ਨੂੰ ਜਿਹੜੇ ਮੁੱਕਰ ਗਏ ਨੇ ਕਹਿ ਕੇ,

ਇਹ ਨਹੀਂ ਸੀ ਜੋ ਹਾਂ ਬਣ ਗਿਆ ਪਹਿਲਾਂ ਹੋਂਦ ਸੀ ਕੁਝ ਵੱਖਰੀ,
ਪੱਥਰ ਵੀ ਅਕਸਰ ਬਦਲਦੈ ਸੁਣਿਐ ਪਾਣੀ ਚ ਰਹਿ ਕੇ,

ਅਸੀਂ ਤਾਂ ਸਾਂਭਦੇ ਰਹੇ ਬੇਗਾਨੀਆਂ ਚੀਜ਼ਾਂ ਵੀ ਵਾਂਗ ਆਪਣੀਆਂ ਦੇ,
ਲੋਕ ਤਾਂ ਦਿਲ ਵੀ ਤੋੜ ਜਾਂਦੇ ਨੇ ਦਿਲਾਂ ਦੇ ਵਿੱਚ ਲਹਿ ਕੇ,

ਹੁਣ ਨਾ ਦਰਦ ਹੈ ਤਕਲੀਫ ਹੈ ਨਾ ਗਮ ਕੋਈ ਹੈ ਜ਼ਿੰਦਗੀ ਵਿਚ,
ਦਰਦ ਹੀ ਲੱਗਦੈ ਮੁੱਕ ਗਏ ਨੇ ਹੁਣ ਦਰਦ ਸਹਿ ਸਹਿ ਕੇ,

ਕਰਿਉ ਦੁਆ ਇਹ ਦੋਸਤੋ ਸ਼ਾਇਦ ਉਹ ਤੁਹਾਡੀ ਸੁਣ ਲਵੇ,
ਮੇਰਾ ਹਰ ਇਕ ਗੀਤ ਵੀ ਕਦੇ ਗੁਲਾਬਾਂ ਵਾਂਗੂੰ ਮਹਿਕੇ.....
 
Top