ਮੈਂ ਤੇ ਉਹ.......Gurmukh Dhimaan

ਮੇਰੇ ਤੁਰਨੇ ਵਿਚ ਵੀ ਸ਼ੋਰ ਜਿਹਾ ਉਹਦੀ ਭੱਜ ਦੌੜ ਵਿਚ ਠਹਿਰਾਉ ਜਿਹਾ,
ਮੈਂ ਤੂਫਾਨੀ ਕੋਈ ਨਦੀ ਜਿਹਾ ਉਹ ਦਰਿਆ ਦੇ ਕਿਸੇ ਵਹਾਉ ਜਿਹਾ,

ਮੈਂ ਟਾਹਣੀ ਤੇ ਲੱਗੇ ਫੁੱਲ ਵਾਂਗਰ ਜੋ ਖੁਸ਼ਬੂ ਤੋਂ ਸਦਾ ਰਿਹਾ ਵਾਂਝਾ,
ਫੁੱਲਾਂ ਨੂੰ ਦੇਖ ਕੇ ਮਹਿਕ ਪਵੇ ਉਹ ਭਵਰੇ ਦੇ ਇਤਰਾਉ ਜਿਹਾ,

ਮੈਂ ਰਿਸ਼ਤੇ ਬੜੇ ਬਣਾਏ ਨੇ ਕਈ ਤਾਣੇ ਵੀ ਉਲਝਾਏ ਨੇ ਪਰ
ਮੇਰੇ ਪਿਆਰ ਚ ਕੋਈ ਲੋਭ ਜਿਹਾ ਉਹਦਾ ਮਾਂ ਬੱਚੇ ਦੇ ਲਗਾਉ ਜਿਹਾ,

ਮੈਂ ਬੋਲਣ ਵਿੱਚ ਸਦਾ ਕਾਹਲ਼ਾ ਮੇਰੇ ਮੂੰਹੋਂ ਪੱਥਰ ਵਰ੍ਹਦੇ ਨੇ,
ਉਹ ਬਿਨ ਬੋਲੇ ਵੀ ਕਹਿ ਦਿੰਦਾ ਉਹਦੇ ਬੋਲਾਂ ਵਿੱਚ ਸ਼ਰਮਾਉ ਜਿਹਾ,

ਮੈਂ ਢਲ਼ਦੀ ਹੋਈ ਸ਼ਾਮ ਜਿਹਾ ਸੂਰਜ ਨੂੰ ਵੀ ਮੈਂ ਡੁਬੋ ਦੇਵਾਂ,
ਉਹ ਦਿਨ ਦੀ ਪਹਿਲੀ ਕਿਰਨ ਜਿਹਾ ਕਿਸੇ ਅਣਮਾਣੇ ਜਿਹੇ ਚਾਉ ਜਿਹਾ,

ਉਹ ਚੜ੍ਹਦੀ ਉਮਰ ਵਰੇਸ ਜਿਹਾ ਪੱਤੇ ਤੇ ਪਈ ਤ੍ਰੇਲ ਜਿਹਾ,
"ਗੁਰੀ" ਮਾਰੂਥਲ ਦੇ ਰੁੱਖ ਵਰਗਾ ਤੇ ਉਮਰਾਂ ਦੇ ਹੰਢਾਉ ਜਿਹਾ.........
 
Top