" ਜੂਨ ਚੁਰਾਸੀ ਦੀ ਯਾਦ "

ਨਜ਼ਮ ਜੂਨ ਚੁਰਾਸੀ ਦੀ ਯਾਦ

ਹਲੇ ਯਾਰਾ ! ਹਲੇ ਯਾਰਾ ...ਖੁਸ਼ਖਬਰੀ
ਅੱਗ ਲੱਗੀ ਏ ਚੁਫੇਰੇ
ਰਹੀ ਸੜ ਨਗਰੀ
ਸੜੇ ਨਗਰੀ
ਤੇ ਭਲਾ ਕਾਹਦੀ
ਖੁਸ਼ਖਬਰੀ

ਸੁੰਞੇ ਗਲੀਆਂ ਬਜਾਰ
ਦਰੀਂ ਪਏ ਅਖਬਾਰ
ਕਾਲੇ ਹਾਸ਼ੀਏ 'ਚ
ਹੰਝੂਆਂ ਦਾ ਕੈਦ ਹੈ ਗੁਬਾਰ
ਚੁੱਪ ਚੀਰਦੀ ਹੈ
ਕਦੇ ਕਦੇ ਵੈਣਾਂ ਦੀ ਲੜੀ
ਕਾਹਦੀ ਖੁਸ਼ਖਬਰੀ

ਕਾਲੀ ਸ਼ੂਕਦੀ ਹਨੇਰੀ
ਕੋਹੇ ਦੀਵਿਆਂ ਦੀ ਲੋਅ
ਪੈਦਾ ਘਰ ਘਰ
ਸਹਿਮ ਦਾ ਮਾਹੌਲ ਰਿਹਾ ਹੋ
ਬੋਟ ਖੰਭਾਂ ਹੇਠ
ਪੰਛੀਆਂ ਨੇ ਲਏ ਨੇ ਲੁਕੋ
ਵੇਖ ਸਰਘੀ ਵੀ
ਪੰਛੀਆਂ ਉੜਾਨ ਨਾ ਭਰੀ
ਕਾਹਦੀ ਖੁਸ਼ਖਬਰੀ

ਕਦੇ ਮੋਰਾਂ ਦੀ ਤੇ ਕਦੇ
ਡਾਰ ਬਗਲਿਆਂ ਦੀ ਆਈ
ਘੋੜੀ ਸਾਰਿਆਂ ਨੇ ਇੱਕੋ ਰਾਹੇ
ਆਪਣੀ ਭਜਾਈ
ਸਦਾ ਵਾਂਗੂੰ ਹੀ ਪੰਜਾਬ
ਦਿੱਤੀ ਸਿਰਾਂ ਦੀ ਕੜ੍ਹਾਈ
ਨਵੇਂ ਰਾਹਾਂ ਵੱਲ ਕਿਸੇ ਨੇ
ਪੁਲਾਂਘ ਨਾ ਭਰੀ

ਅਖੇ ਖੁਸ਼ਖਬਰੀ
ਕਾਹਦੀ ਖੁਸ਼ਖਬਰੀ
ਅੱਗ ਲੱਗੀ ਏ ਚੁਫੇਰੇ
ਰਹੀ ਸੜ ਨਗਰੀ
ਸੜੇ ਨਗਰੀ
ਤੇ ਭਲਾ ਕਾਹਦੀ
ਖੁਸ਼ਖਬਰੀ
 
Top