ਹਿਕ ਵਿਚ ਖ਼ੰਜਰ ਡੋਬ ਕੇ ਸੌਂ ਗਏ, ਅਜਕਲ੍ਹ ਇਉਂ ਨਈਂ ਕਰ&

BaBBu

Prime VIP
ਹਿਕ ਵਿਚ ਖ਼ੰਜਰ ਡੋਬ ਕੇ ਸੌਂ ਗਏ, ਅਜਕਲ੍ਹ ਇਉਂ ਨਈਂ ਕਰਦੇ ਲੋਕ
ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ, ਹੌਲੀ ਹੌਲੀ ਮਰਦੇ ਲੋਕ

ਮੈਂ ਕਦ ਸੂਹੇ ਬੋਲ ਉਗਾਏ, ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ, ਇਸ ਬੇਨੂਰ ਨਗਰ ਦੇ ਲੋਕ

ਜਿਹੜੀ ਰੁਤ ਨੂੰ ‘ਉਮਰਾ’ ਕਹਿੰਦੇ ਉਸ ਦੀ ਠੰਡ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ

ਰੇਤੇ ਉਤੋਂ ਪੈੜ ਮਿਟਦਿਆਂ ਫਿਰ ਵੀ ਕੁਛ ਚਿਰ ਲਗਦਾ ਹੈ
ਕਿੰਨੀ ਛੇਤੀ ਭੁੱਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ

ਲਿਸ਼ਕਦੀਆਂ ਤਲਵਾਰਾਂ ਕੋਲੋਂ ਅਜਕਲ ਕਿਹੜਾ ਡਰਦਾ ਹੈ
ਡਰਦੇ ਨੇ ਤਾਂ ਕੇਵਲ ਅਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ

ਜੋ ਤਲੀਆਂ ਤੇ ਚੰਦ ਟਿਕਾ ਕੇ ਗਲੀਆਂ ਦੇ ਵਿਚ ਫਿਰਦਾ ਹੈ
ਓਸ ਖੁਦਾ ਦੇ ਪਿੱਛੇ ਲੱਗੇ ਪਾਗਲ ਪਾਗਲ ਕਰਦੇ ਲੋਕ

ਇਹ ਇਕ ਧੁਖਦਾ ਰੁੱਖ ਆਇਆ ਹੈ, ਇਹ ਆਈ ਧੁਨ ਮਾਤਮ ਦੀ
ਇਨ੍ਹਾਂ ਲਈ ਦਰਵਾਜ਼ਾ ਖੋਲੋ ਇਹ ਤਾਂ ਅਪਣੇ ਘਰ ਦੇ ਲੋਕ

ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ ਤੇ ਪੈਂਦੀ ਹੈ
ਦੀਵੇ ਹੀ ਬੁਝ ਜਾਣ ਨਾ ਕਿਧਰੇ ਹੌਕਾ ਲੈਣ ਨਾ ਡਰਦੇ ਲੋਕ

ਪੈਸਾ ਧੇਲਾ, ਜੱਗ ਝਮੇਲਾ, ਰੌਣਕ ਮੇਲਾ, ਮੈਂ ਮੇਰੀ
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ

ਰਾਜੇ-ਪੁੱਤਰਾਂ ਬਾਗ ਉਜਾੜੇ, ਦੋਸ਼ ਹਵਾ ਸਿਰ ਧਰਦੇ ਲੋਕ
ਬਾਗ ਤਾਂ ਉਜੜੇ, ਜਾਨ ਨਾ ਜਾਵੇ, ਏਸੇ ਗੱਲੋਂ ਡਰਦੇ ਲੋਕ
 
Top