ਹੱਡ ਪੀਹ ਕੇ ਪਾਲ਼ਦੈ ਜਹਾਨ ਜਿਹੜਾ ਕੁੱਲ ਵੇ

ਹੱਡ ਪੀਹ ਕੇ ਪਾਲ਼ਦੈ ਜਹਾਨ ਜਿਹੜਾ ਕੁੱਲ ਵੇ
ਚੁਗਣਾ ਸੀ ਨਰਮਾ ਤੇ ਚੁਗੇ ਤੇਰੇ ਫੁੁੱਲ ਵੇ
ਖੁੱਸ ਗਏ ਨੇ ਖੇਤ ਬਾਪੂ, ਟੁੱਟ ਗਏ ਨੇ ਖ਼ਾਬ ਉਏ
ਅੱਖਾਂ ਮੂਹਰੇ ਮਰੀ ਜਾਂਦਾ ਕਾਸਤੋਂ ਪੰਜਾਬ ਉਏ ?
ਬਚੀ ਜਿਹੜੀ ਪੈਲ਼ੀ ਜਰਵਾਣੇ ਨੱਪ ਲੈਣਗੇ
ਨਵੇਂ ਮੁੰਡੇ ਕਿੱਥੇ ਬਾਪੂ ਖੰਡਾ ਚੱਕ ਲੈਣਗੇ ?
ਥੋਥੇ ਹੋ ਗਏ ਹੱਡ ਤਾਂਂਹੀ ਸਹੀ ਜਾਂਦੇ ਦਾਬ ਉਏ
ਅੱਖਾਂ ਮੂਹਰੇ ਮਰੀ ਜਾਂਦਾ ਕਾਸਤੋਂ ਪੰਜਾਬ ਉਏ ?
ਬਾਬਾ ਤੇਰੇ ਸਿੱਖ ਸੰਗਤਾਂ ਨੂੰ ਠੱਗੀ ਜਾਂਦੇ ਨੇ
ਸੱਚ ਮੱੁਕੀ ਜਾਂਦਾ ਏ, ਦੀਵਾਨ ਲੱਗੀ ਜਾਂਦੇ ਨੇ
ਗਲ ਪਾਇਆ ਗਾਤਰਾ ਤੇ ਡੱਬ 'ਚ ਸ਼ਰਾਬ ਉਏ
ਅੱਖਾਂ ਮੂਹਰੇ ਮਰੀ ਜਾਂਦਾ ਕਾਸਤੋਂ ਪੰਜਾਬ ਉਏ ?
ਜੀਹਦੀ ਕਿਰਪਾਨ ਨੇ ਬਚਾਇਆ ਸਾਰੇ ਹਿੰਦ ਨੂੰ
ਦੇਈਏ ਕੀ ਜਵਾਬ ਹੁਣ ਗੁਰੂ ਵੇ ਗੋਬਿੰਦ ਨੂੰ
ਉੱਡਦਾ ਏ ਧੂੰਆਂ ਜਿੱਥੇ ਉੱਡਦਾ ਸੀ ਬਾਜ਼ ਉਏ
ਅੱਖਾਂ ਮੂਹਰੇ ਮਰੀ ਜਾਂਦਾ ਕਾਸਤੋਂ ਪੰਜਾਬ ਉਏ ~
~ ਰਾਣੀਤੱਤ
 
Top