ਸੱਚ ਸੁਣ ਕੇ ਲੋਕ ਨਾ ਸਹਿੰਦੇ ਨੀ

ਸੱਚ ਸੁਣ ਕੇ ਲੋਕ ਨਾ ਸਹਿੰਦੇ ਨੀ,
ਸੱਚ ਆਖੀਏ ਤਾਂ ਗਲ ਨੂੰ ਪੈਂਦੇ ਨੀ,
ਫਿਰ ਸੱਚੇ ਪਾਸ ਨਾ ਬਹਿੰਦੇ ਨੀ,
ਸੱਚ ਮਿਠਾ ਆਸ਼ਕ ਪਿਆਰੇ ਨੂੰ
ਚੁੱਪ ਕਰ ਕੇ ਕਰੀਂ ਗੁਜ਼ਾਰੇ ਨੂੰ

ਸੱਚ ਸ਼ਰਾਂ ਕਰੇ ਬਰਬਾਦੀ ਏ,
ਸੱਚ ਆਸ਼ਕ ਦੇ ਘਰ ਸ਼ਾਦੀ ਏ,
ਸੱਚ ਕਰਦਾ ਨਵੀਂ ਅਬਾਦੀ ਏ,
ਜਿਹੀ ਸ਼ਰਾਂ ਤਰੀਕਤ ਹਾਰੇ ਨੂੰ
ਚੁੱਪ ਕਰ ਕੇ ਕਰੀਂ ਗੁਜ਼ਾਰੇ ਨੂੰ

ਚੁੱਪ ਆਸ਼ਕ ਤੋਂ ਨਾ ਹੂੰਦੀ ਏ,
ਜਿਸ ਆਈ ਸੱਚ ਸੁਗੰਧੀ ਏ,
ਜਿਸ ਮਾਲ ਸੁਹਾਗ ਦੀ ਗੁੰਦੀ ਏ,
ਛੱਡ ਦੁਨੀਆਂ ਕੁੜ ਪਸਾਰੇ ਨੂੰ
ਚੁੱਪ ਕਰ ਕੇ ਕਰੀਂ ਗੁਜ਼ਾਰੇ ਨੂੰ

ਬੁੱਲਾ ਸ਼ਹੁ ਸੱਚ ਹੁਣ ਬੋਲੇ ਹੈ,
ਸਚ ਸ਼ਰਾਂ ਤਰੀਕਤ ਫੋਲੇ ਹੈ,
ਗੱਲ ਚੌਥੇ ਪਦ ਦੀ ਖੋਲੇ ਹੈ,
ਜਿਹਾ ਸ਼ਰਾਂ ਤਰੀਕੇ ਹਾਰੇ ਨੂੰ
ਚੁੱਪ ਕਰ ਕੇ ਕਰੀਂ ਗੁਜ਼ਾਰੇ ਨੂੰ
 
Top