ਸੋਚ ਸੋਚ ਕੇ

Arun Bhardwaj

-->> Rule-Breaker <<--
ਸੋਚ ਸੋਚ ਕੇ ਸਮਾਂ ਸਰਕਦਾ, ਸਮੇਂ ਨੂੰ ਨੱਥ ਕਿਵੇਂ ਪਾਵਾਂ ?
ਮਨ ਨੀ ਮੰਨਦਾ ਮਨਾ ਮੇਰਿਆ, ਮਨ ਨੂੰ ਕਿੰਝ ਸਮਝਾਵਾਂ ?

ਬੇਚੈਨੀ ਬਸ ਬੇਬਸ ਦਿਲ ਕੋਲ, ਕੁੱਝ ਹੋਰ ਨੀ ਬਚਿਆ ਪੱਲੇ
ਸਦਾ ਸੱਚੇ ਬਣ-ਬਣ ਬਹਿੰਦੇ ਸੀ, ਹੁਣ ਪਿੱਟੀਏ ਬਹਿ-ਬਹਿ ਕੱਲੇ
ਹਿਜ਼ਰ, ਹਨੇਰਾ, ਹਰਫ਼ ਮੇਰੇ ਕੋਲ, ਇਹਨਾ ਨਾਲ ਵਕਤ ਬਿਤਾਵਾਂ ।
ਮਨ ਨੀ ਮੰਨਦਾ ਮਨਾ ਮੇਰਿਆ, ਮਨ ਨੂੰ ਕਿੰਝ ਸਮਝਾਵਾਂ ?

ਨੈਣ ਨੀਰ ਉਮਰਾਂ ਦੇ ਸਾਥੀ, ਸੱਜਣਾਂ ਵੱਖ ਨੀ ਹੁੰਦੇ ਵੇਖੇ ਵੇ
ਮਜ਼ਬੂਰੀ ਮਹਿਰਮ ਮਾਰੇ ਜਦ ਵੀ, ਤੇਰੇ ਓਦੋਂ ਪੈਣ ਭੁਲੇਖੇ ਵੇ
ਜਿੰਦ ਪਹਿਲੇ ਪਹਿਰ ਪਹੇਲੀ ਬਣਗੀ, ਵਿੱਚ ਹੀ ਉਲਝਦਾ ਜਾਵਾਂ ।
ਮਨ ਨੀ ਮੰਨਦਾ ਮਨਾ ਮੇਰਿਆ, ਮਨ ਨੂੰ ਕਿੰਝ ਸਮਝਾਵਾਂ ?

ਜ਼ਿਮੇਵਾਰੀਆਂ ਜ਼ਹਿਨ ਮੇਰੇ ਵਿੱਚ, ਨਿਤ ਹੀ ਹਲਚਲ ਕਰਦੀਆਂ ਨੇ
ਰਾਤੀ ਰੱਝ-ਰੱਝ ਰੀਝਾਂ ਰੋਕੇ ਹਟੀਆਂ, ਦਿਨ ਚੜ੍ਹਦੇ ਨੂੰ ਮਰਗੀਆਂ ਨੇ
ਦਿਲ 'ਦਿਲਰਾਜ' ਦਰਦਾਂ ਨਾਲ ਭਰਿਆ, ਕਿਥੋਂ ਤਾਬੀਜ਼ ਕਰਾਵਾਂ ?
ਮਨ ਨੀ ਮੰਨਦਾ ਮਨਾ ਮੇਰਿਆ, ਮਨ ਨੂੰ ਕਿੰਝ ਸਮਝਾਵਾਂ ?

- ਦਿਲਰਾਜ
੧੦ ਜੂਨ ੨੦੧੩
 
Top