ਸੁੱਕ ਜਾਣੇ ਨੀਰ

ਧੋਖਿਆਂ ਦੇ ਤੀਰ ਸਾਡੇ ਦਿੱਲ ਖੁੱਬੇ ਰਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ

ਤੈਨੂੰ ਜ਼ਲਮੇ ਨੀ ਕਦੇ ਦਿੱਲੋਂ ਨਾ ਵਸਾਰਿਆ
ਨੈਣਾਂ ਚ ਬਿਠਾਇਆ ਕਦੇ ਪੁੰਝੇ ਨਾ ਉਤਾਰਿਆ
ਕੀਤੀ ਬੇ-ਵਫਾਈ ਸਦਾ ਇਹੀ ਤੈਨੂੰ ਕਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ

ਖੁਸ਼ੀਆਂ ਨੂੰ ਤਾਪ ਪੈਣ ਰੀਝਾਂ ਨੂੰ ਵੀ ਦੰਦਲਾਂ
ਮੁੱਕ ਚੱਲੇ ਸਾਹ ਦੱਸ ਹੋਰ ਕਿਥੋਂ ਮੰਗ ਲਾਂ
ਹਰਫ਼ ਵੀ ਵੈਨ ਪਾਉਂਦੇ ਮੱੜੀ ਤੱਕ ਜਾਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ

ਸੜ ਜਾਣ ਅੱਖਾਂ ਕੀ ਤੂੰ ਜਾਣੇ ਹੰਝੂ ਖਾਰੇ ਨੀ
ਪੱਥਰਾਂ ਚ ਵੱਸੀ ਕੀ ਤੂੰ ਜਾਣੇ ਕੱਚੇ ਢਾਰੇ ਨੀ
ਜ਼ੁਲਮ ਹਨੇਰੀਆਂ ‘ਚ ਇਹ ਤਾਂ ਢਹਿੰਦੇ ਰਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ

ਹਿਜਰ ਹਨੇਰਾ ਨੀ ਤੂੰ ਮੇਰੇ ਪੱਲੇ ਪਾਇਆ ਏ
ਚੂਸ ਕੇ ਤੂੰ ਰੱਤ ਲਾਂਭੂ ਹੱਡੀਆਂ ਨੂੰ ਲਾਇਆ ਏ
“ਸੋਹਲ” ਦੀਆਂ ਲਿਖਤਾਂ ‘ਚ ਦਾਗ ਤੇਰੇ ਰਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ

ਆਰ.ਬੀ.ਸੋਹਲ
 
Top