ਸੁਲਗਦੀ ਰਾਤ

Arun Bhardwaj

-->> Rule-Breaker <<--
ਸੁਲਗਦੀ ਰਾਤ ਹੈ ਫੇਰ ਵੀ ਆਸ ਹੈ

ਕਾਲ਼ੇ ਕੋਹਾਂ ਦੇ ਪੈਂਡੇ ਮੁਕਾਉਣੇ ਅਸੀਂ।

ਜਿਸਮ ਲੱਭਦੇ ਫਿਰਨ ਰੂਹਾਂ ਗੁੰਮ ਨੇ ਕਿਤੇ

ਇਹ ਜੋ ਵਿੱਛੜੇ ਚਿਰਾਂ ਤੋਂ ਮਿਲਾਉਣੇ ਅਸੀਂ।





ਤਪਸ਼ ਵੀ ਤੇਜ਼ ਹੈ ਪਿਆਸ ਵੀ ਤੇਜ਼ ਹੈ

ਫਿਰ ਵੀ ਅਹਿਸਾਸ ਦੀ ਧਰਤ ਜ਼ਰਖੇਜ਼ ਹੈ

ਪੈਲੀਆਂ ਮੋਹ ਦੀਆਂ ਫੇਰ ਲਹਿਰਾਉਣੀਆਂ

ਮੇਘਲੇ ਟੂਸਿਆਂ ‘ਤੇ ਵਰਾਉਣੇ ਅਸੀਂ।





ਸਾਨੂੰ ਸਤਲੁਜ ਤੋਂ ਆਉਂਦੀ ਹਵਾ ਦੇ ਦਿਉ

ਰੋਜ਼ ਵਗਦੀ ਰਹੇ ਇਹ ਦੁਆ ਦੇ ਦਿਉ

ਪਾਣੀਆਂ ਦੇ ਹਵਾਵਾਂ ਦੇ ਰੰਗਾਂ ਦੇ ਵੀ

ਗੀਤ ਲਿਖਣੇ ਅਸੀਂ ਗੀਤ ਗਾਉਣੇ ਅਸੀਂ।



ਕੋਈ ਸਾਜ਼ਿਸ਼ ਚੁਫ਼ੇਰੇ ਮਚਲਦੀ ਰਹੀ

ਫਿਰ ਵੀ ਲੋਅ ਬਨੇਰੇ ‘ਤੇ ਬਲਦੀ ਰਹੀ

ਓਸ ਨਿੰਮੀ ਜਿਹੀ ਰੌਸ਼ਨੀ ਆਸਰੇ

ਸੁੱਤੇ ਹੋਏ ਜੋ ਸੂਰਜ ਜਗਾਉਣੇ ਅਸੀਂ





ਖੋਲ ਬਾਰੀ ਕਿ ਤਾਜ਼ੀ ਹਵਾ ਆਉਣ ਦੇ

ਬੰਦ ਕਮਰੇ ‘ਚ ਕੋਈ ਸ਼ੁਆ ਆਉਣ ਦੇ

ਇਸ ਗੁਫ਼ਾ ‘ਚੋਂ ਤੁਸੀਂ ਬਾਹਰ ਆਓ ਜ਼ਰਾ

ਕਹਿਕਸ਼ਾਂ ਦੇ ਨਜ਼ਾਰੇ ਵਿਖਾਉਂਣੇ ਅਸੀਂ।





ਇਹ ਜੇ ਉਡਦੇ ਨਹੀਂ ਇਹ ਜੇ ਖ਼ਾਮੋਸ਼ ਨੇ

ਏਸ ਵਿੱਚ ਵੀ ਕਿਤੇ ਆਪਣੇ ਦੋਸ਼ ਨੇ

ਏਹਨਾਂ ਲਫ਼ਜ਼ਾਂ ਨੂੰ ਪਰਵਾਜ਼ ਦੇਣੀ ਅਸੀਂ

ਦੋਸਤੀ ਦੇ ਪਰਿੰਦੇ ਉਡਾਉਣੇ ਅਸੀਂ ।



By:- Jaswinder
 
Top