ਸੁਪਨੇ ਵਿੱਚ

ਸੁਪਨੇ ਵਿੱਚ ਜੋ ਮਹਿਲ ਉਸਾਰੇ ਚਾਵਾਂ ਦੇ।
ਖੁੱਲ੍ਹੀ ਅੱਖੀਂ ਤਾਂ ਚੜ੍ਹ ਗਏ ਭੇਂਟ ਹਵਾਵਾਂ ਦੇ।
ਟੈਸਟ ਟਿਊਬ ਦੇ ਬੱਚੇ ਵੇਖਾਂ, ਯਾਦ ਆਵੇ,
ਕਿੰਨੀ ਮਨ ਵਿੱਚ ਮਮਤਾ ਹੋਵੇ ਮਾਵਾਂ ਦੇ।
ਇਸ਼ਕ ਅਸਾਡਾ ਖ਼ੁਸ਼ਬੂ ਬਣ ਕੇ ਮਹਿਕਿਆ ਇੰਝ,
ਲੋਕਾਂ ਨੂੰ ਪੈ ਗਏ ਭੁਲੇਖੇ ਨਾਵਾਂ ਦੇ।
ਕਾਲੇ ਪਾਣੀਉਂ ਆਵੇ ਨਾ ਕੋਈ ਤੇਰੀ ਸਾਰ,
ਹੱਥ ਸੁਨੇਹੇ ਘੱਲੇ ਚਿੱਟੇ ਕਾਵਾਂ ਦੇ।
ਸੜਿਆ ਥਲ ਵਿੱਚ ਤੇਰੀ ਖ਼ਾਤਿਰ ਉਮਰਾਂ ਤੀਕ,
ਹੁਣ ਤਾਂ ਆਪਣੀ ਚਾਹਤ ਦਾ ਪਰਛਾਵਾਂ ਦੇ।
ਖ਼ੂਨ ਦੇ ਰਿਸ਼ਤੇ ਹੁਣ ਵੀ ਨਕਲੀ ਲੱਗਦੇ ਨੇ,
ਸੁਣ ਕੇ ਗ਼ੈਰਾਂ ਵਾਂਗ ਵਿਚਾਰ ਭਰਾਵਾਂ ਦੇ।
ਕੀ ਹੋਇਆ ਜੇ ਬੂੰਦ ਨਾ 'ਸਾਕਿਬ' ਅੱਖਾਂ ਵਿੱਚ,
ਪੱਤਣ ਸੁੱਕੇ ਵੇਖੇ ਮੈਂ ਦਰਿਆਵਾਂ ਦੇ।
-
 
Top