ਸਾਡੇ ਕੋਲ

ਸਾਡੇ ਕੋਲ
ਸਾਣ 'ਤੇ ਲਾਉਣ ਲਈ
ਕੁਝ ਵੀ ਨਹੀਂ
ਜੋ ਸੀ
ਉੁਹ ਬਲੀ ਚੜ ਗਿਆ
ਸਰਸਾ ਸੁੱਕੀ ਸੀ
ਨਾ ਸਤਲੁਜ ਚੜੀ ਸੀ
ਪਾਟੀਆਂ ਸੀ ਤਰੇੜਾਂ
ਸਭ ਫਿਰ ਵੀ ਹੜ ਗਿਆ
ਚਾਨਣੀ ਦੀ ਲਿਸ਼ਕ ਨੇ
ਸੂਤ ਸੁੱਟੀ ਚਮਕ
ਕਿਸੇ ਨੂੰ ਚਿੰਬੜੀ ਓਪਰੀ
ਕੋਈ ਸਿੱਧਾ ਗੱਡੀ ਚੜ ਗਿਆ
ਜਿਗਰੀ ਡਿਗਰੀ
ਨਾ ਕਰ ਸਕੇ ਮਰ੍ਹਮ
ਬੇਹੋਸ਼ ਹੋਇਆ ਹੋਸ਼ ਆਇਆ
ਚੁੱਪ ਤੋੜੀ
ਡੰਡਾ ਡੰਡੇ ਨੂੰ ਧਰ ਗਿਆ
ਕਲਮ ਕਾਗ਼ਜ ਨੂੰ
ਕਹਿੰਦੀ ਰਹੀ ਚੋਰ
ਵੱਡਾ ਛੋਟਾ ਮੋਟਾ ਰਾਜਾ
ਵਕਤ ਨੂੰ ਚੋਰੀ ਕਰ ਗਿਆ
ਪਾਂਡਾ ਕਹਿ ਗਿਆ
ਕਰਮ ਸਿੱਧੇ ਲਕੀਰਾਂ ਸਿੱਧੀਆਂ ਨੇ
ਹੋ ਗਿਆ ਨਿਹੱਥਾ
ਛੇਵੇ ਦਰਿਆ 'ਚ ਵੜ ਗਿਆ
ਟੱਕਾ ਦੇ ਟੱਕ
ਰੱਜਦਾ ਰੋਜ਼ ਮੁਲਕ ਸੀ
ਅੱਜ ਅੰਬਾਨੀ ਟਾਟਾ ਬਾਟਾ
ਹਿੱਕ 'ਤੇ ਨੀਂਹ ਪੱਥਰ ਧਰ ਗਿਆ
ਟਿਫਨ ਤੇ ਸਾਇਕਲ
ਚੌਂਕ ਦੇ ਦਰਸ਼ਨ ਕਰ ਮੁੜਦੇ ਨੇ
ਖ਼ਬਾਰੀ ਰੱਦੀ ਲਪੇਟੀ ਭੁੱਕੀ ਤੇ
ਇਨਕਲਾਬ ਜਿੰਦਾਂ.... ਪੜ ਗਿਆ
ਬਸ .......
ਮਾਸੂਮ ਜਿੰਦਾਂ ਨੇ
ਮਾਸੂਮ ਦੁਆ ਹੈ
ਬਾਕੀ ਸਭ ਸੜ ਗਿਆ
ਸਾਣ 'ਤੇ ਲਾਉਣ ਲਈ
ਕੁਝ ਨਹੀਂ ਬਚਿਆ.........

:ਚਮਕੌਰ


 
Top