ਸਾਂਵਲੇ ਰੰਗ ਦੀ ਕੁੜੀ

ਕਿਸੇ ਮਹਾਂਨਗਰ ਦੀ ਆਵਾਰਾ ਸੜਕ ਉਤੇ
ਕੀਮਤੀ ਸੁਪਨੇ ਲੈ ਕੇ ਤੁਰੀ ਜਾਂਦੀ
ਮਹਿੰਗੇ ਘਰ ਦੀਆਂ ਬਹੁਮੁੱਲੀਆਂ ਕੰਧਾਂ ਵਿੱਚ
ਮੁਟਿਆਰ ਹੋਈ ਹੁਸੀਨ ਕੁੜੀ
ਕੀ ਦੱਸ ਸਕਦੀ ਹੈ
ਕਿ ਗਰੀਬੀ ਰੇਖਾ ਕਿੰਨੇ ਅੰਕਾਂ ਤੋਂ ਸ਼ੁਰੂ ਹੁੰਦੀ ਹੈ..?
ਤੇ ਕੀ ਦੁੱਖ ਹੁੰਦਾ ਹੈ
ਸੁਨਹਿਰੀ ਰੰਗ ਦੀ ਫਸਲ ਉੱਤੇ
ਵਰੀ ਉਸ ਬੇ-ਮੌਸਮੀ ਬਰਸਾਤ ਦਾ
ਜਿਸ ਦਾ ਸੁਆਦ ਉਹ ਆਪਣੇ ਮਹਿਬੂਬ ਨਾਲ ਭਿੱਜ ਕੇ ਲੈਂਦੀ ਹੈ...
ਇਹ ਤਾਂ ਸਿਰਫ
ਸਾਡੀ ਪਿੰਡ ਦੀ ਕੱਚੇ ਘਰ 'ਚ ਰਹਿੰਦੀ
ਸਾਂਵਲੇ ਰੰਗ ਦੀ ਉਹ ਕੁੜੀ
ਜਿਸਦੀ ਮਾਂਗ 'ਚ
ਵਖਤ ਤੇ ਗਰੀਬੀ ਰਲਕੇ ਸੰਧੂਰ ਦੀ ਥਾਂ ਗੋਹਾ ਭਰ ਦਿੰਦੇ ਨੇ
ਤੇ ਕਾਲੀ ਅੱਖ 'ਚ ਸੁਰਮੇ ਦੀ ਥਾਂ ਕੱਕਾ ਰੇਤਾ ਉਹੀ ਦੱਸ ਸਕਦੀ ਹੈ ...
ਉਹ ਤਾਂ ਇਹ ਵੀ ਦੱਸੇਗੀ
ਕਿ ਮੱਝਾਂ ਲਈ ਹਰਾ ਕੁਤਰਦੇ-ਕੁਤਰਦੇ ਚਾਰੇ ਨਾਲ
ਉਹਦੇ ਕਿਵੇਂ ਸਾਰੇ ਕੁਆਰੇ ਚਾਅ ਕੁਤਰੇ ਜਾਂਦੇ ਨੇ...


ਸਟਾਲਿਨ ਸਿੱਧੂ
 
Top