ਰੁਸ਼ਨਾਉਣੇ ਪੈਂਦੇ ਨੇ

ਨੇਰ੍ਹਿਆਂ ਦੇ ਵਿੱਚ ਸਾਹ ਰੁਸ਼ਨਾਉਣੇ ਪੈਂਦੇ ਨੇ
ਖੁਦ ਜਲ਼ ਜਲ਼ ਕੇ ਰਾਹ ਰੁਸ਼ਨਾਉਣੇ ਪੈਂਦੇ ਨੇ

ਕੋਈ ਤੀਲੀ ਸੀਨੇ ਵਿੱਚ ਜਾ ਸਕਦੀ ਨਹੀਂ
ਦਿਲ ਦੇ ਦੀਵੇ ਗਾ ਰੁਸ਼ਨਾਉਣੇ ਪੈਂਦੇ ਨੇ

ਸੱਚ ਤਾਂ ਰੌਸ਼ਨ ਹੁੰਦਾ ਏ ਬਸ ਸੱਚਿਆਂ ਲਈ
ਝੂਠੇ ਖਾਹ-ਮਖਾਹ ਰੁਸ਼ਨਾਉਣੇ ਪੈਂਦੇ ਨੇ

ਨਹੀਂ ਤਾਂ ਏਥੇ ਰਾਮਰਾਜ ਆ ਜਾਵੇਗਾ
ਚਿਤਾ ‘ਚ ਸੁੱਟ ਗਵਾਹ ਰੁਸ਼ਨਾਉਣੇ ਪੈਂਦੇ ਨੇ

ਨ੍ਹੇਰੀ ਜ਼ਿੰਦਗੀ ਵਿੱਚ ਤੇਰਾ ਰਾਹ ਵੇਖਣ ਨੂੰ
ਸਾਨੂੰ ਆਪਣੇ ਚਾਅ ਰੁਸ਼ਨਾਉਣੇ ਪੈਂਦੇ ਨੇ

ਚਾਹੁੰਦੇ ਨਹੀਂ ਪਰ ਟੁਕੜੇ ਤੇਰੀਆਂ ਯਾਦਾਂ ਦੇ
ਦਮ ਰੱਖਣ ਲਈ ਤਾਅ ਰੁਸ਼ਨਾਉਣੇ ਪੈਂਦੇ ਨੇ
 
Top