ਯਥਾਰਥਵਾਦੀ ਗ਼ਜ਼ਲ


ਨਾ ਜਾਣੇ ਕਿੰਨੇ ਰੁਝਾਣ ਜਿੰਦਗੀ ਨੂੰ ਉਲਝਾਈ ਰੱਖਦੇ।
ਕੁਝ ਅਨੁਚਿਤ ਕੁਝ ਮੁਨਾਸਿਬ ਜਿਹੇ ਕੰਮ ਲਿਆਈ ਰੱਖਦੇ।

ਦੋ ਟਕੇ ਮਹਿਫਲਾਂ ਵਿੱਚ ਬਕਵਾਸ ਸਹਿਣੀ ਪੈਂਦੀ,
ਖੁਸ਼ੀ ਦੇ ਮੌਕਿਆਂ ਨੂੰ ਕੁਝ ਲੋਕ ਛੁਪਾਈ ਰੱਖਦੇ।

ਜਾਣ ਬੁੱਝਕੇ ਸਮੇਂ ਸਮੇਂ ਦੁਸ਼ਮਣਾਂ ਨੂੰ ਸਲਾਮ ਕਰੀਦਾ,
ਦੋਸਤ ਤਾਂ ਆਪਣੇ ਨਿੱਜੀ ਜਿਹੇ ਸਵਾਲ ਪਾਈ ਰੱਖਦੇ।

ਇਨਸਾਫ਼ ਦੀ ਤਲਾਸ਼ ਵਿੱਚ ਨਿੱਕਲਣਾਂ ਇੱਥੇ ਅਕਲਮੰਦੀ ਨਹੀਂ,
ਚਾਂਦੀ ਦੇ ਚਮਕਦੇ ਛਿੱਲੜ ਇਸਦੇ ਧੱਜੇ ਉਡਾਈ ਰੱਖਦੇ।

ਅਫ਼ਸੋਸ ਆਉਂਦਾ ਏ ਗਰੀਬ ਦੀਆਂ ਕੁਆਰੀਆਂ ਰੀਝਾਂ ਤੇ,
ਜਿੰਨ੍ਹਾਂ ਨੂੰ ਪੈਸੇ ਵਾਲੇ ਹਰ ਵਕਤ ਸੁਹਾਗਣਾਂ ਬਣਾਈ ਰੱਖਦੇ।

ਸਮਾਜ ਦੇ ਠੇਕੇ ਵਾਲੇ ਸਾਡੇ ਅੱਖੀਂ ਘੱਟਾ ਪਾਕੇ,
ਪ੍ਰੇਮੀਆਂ ਨੂੰ ਅੱਡ ਕਰਨ ਦੇ ਬਹਾਨੇ ਬਣਾਈ ਰੱਖਦੇ।

ਬਾਰਾਂ ਵਰ੍ਹੇ ਪਿੱਛੋਂ ਕਹਿੰਦੇ ਰੂੜੀ ਦੀ ਸੁਣੀ ਜਾਂਦੀ,
ਇੱਥੇ ਕਾਤਿਲ ਕਤਲ ਕਰਕੇ ਵੀ ਜਾਨ ਬਚਾਈ ਰੱਖਦੇ।

ਮਿਲਣ ਦੀ ਉਮੀਦ ਵਿੱਚ ਉਮਰਾਂ ਤੱਕ ਲੰਘਾ ਦੇਵਾਂਗੇ,
ਹਾਲਾਤ ਉਲਝਣਾਂ ਨਾਲ ਰਲਕੇ ਆਸਾਂ ਪਾਣੀ ਪਾਈ ਰੱਖਦੇ।

ਕਾਕਾ ਇੱਥੇ ਵਾੜ ਖੇਤ ਨੂੰ ਖਾਣਦੀਆਂ ਤਰਕੀਬਾਂ ਸੋਚੇ,
ਓਥੇ ਦੁਸ਼ਮਣ ਸਾਡੀ ਮੌਤ ਦੇ ਪਰਵਾਨੇ ਲਿਖਾਈ ਬੈਠੇ।
 
Top