ਮੌਤ ਮਿਲੇ ਮੈਨੂੰ ਯਾਰ ਤੋਂ ਪਹਿਲਾਂ

ਮੌਤ ਮਿਲੇ ਮੈਨੂੰ ਯਾਰ ਤੋਂ ਪਹਿਲਾਂ
ਮਿੱਟੀ ਹੋਵਾਂ ਉਹਦੇ ਵਿਹੜੇ ਦੀ।
ਸਦਾ ਸੁਹਾਗਣ ਸਮਝੂੰ ਖੁਦ ਨੂੰ,
ਉਥੇ ਰਸਮ ਹੋਈ ਉਦ੍ਹੇ ਸਿਹਰੇ ਦੀ।
ਰੱਬਾ ਲਾਸ਼ ਮੇਰੀ ਦਾ ਪੁਲ ਬਣਾਵੀਂ,
ਘਰ ਉਹਦੇ ਨੂੰ ਜੋ ਰਾਹ ਜਾਵੇ।
ਦਿਲ ਮੇਰਾ ਪੈਰਾਂ ਨਾਲ ਲਤਾੜੇ,
ਜਦ ਵੀ ਉਹ ਘਰ ਫੇਰਾ ਪਾਵੇ।
ਜਾਂ ਰੱਬਾ ਮੈਨੂੰ ਰੁੱਖ ਬਣਾ ਦਈਂ,
ਉਹਦੇ ਠੰਢੀਂ ਛਾਂ ਹੰਢਾਉਣੇ ਨੂੰ।
ਹੱਥੀਂ ਮੈਨੂੰ ਵਢੇ ਉਹ ਸੋਹਣਾ
ਫਿਰ ਪਲੰਘ ਬਣਾਵੇ ਸੌਣੇ ਨੂੰ
ਜੇ ਰੱਬਾ ਕਿਤੇ ਹਵਾ ਬਣਾਇਆ
ਨਾ ਠੰਢੀ ਨਾ ਹੀ ਗਰਮ ਬਣਾਵੀਂ।
ਮੈਂ ਉਹਦੇ ਤਨ-ਮਨ ਨੂੰ ਛੂਹਣਾ
ਇਸੇ ਕਰਮ ਲਈ ਨਰਮ ਬਣਾਵੀਂ।
ਰੂਹ ਮੇਰੀ ਜੇ ਕਰੇਂਗਾ ਪਾਣੀ
ਮਾਰੂਥਲ ਵਿਚ ਠਾਹਰ ਬਣਾ ਲਊਂ।
ਬੁੱਕ ਭਰ ਜਦ ਵੀ ਪੀਵੇ ਸੋਹਣਾ
ਮਿੱਠਾ ਸ਼ਰਬਤ ਹੀ ਹੋ ਜਾਊਂ।
ਜੇ ਰੱਬਾ ਮੈਨੂੰ ਅੱਗ ਬਣਾਇਆ
ਤਾਂ ਉਕਾ ਉਹਦੇ ਕੋਲ ਨਾ ਜਾਣਾ।
ਆਪਣਾ ਆਪ ਖਪਾ ਕੇ ਆਪੇ
ਹੰਝੂਆਂ ਨਾਲ ਓੜਕ ਬੁਝ ਜਾਣਾ।
ਕਦੇ ਕਦੇ ਨੀਂਦ ਦੀ ਸੀਰਤ ਦੇਵੀਂ
ਮੈਂ ਸੱਜਣ ਦੇ ਨੈਣੀਂ ਪੈ ਜਾਊਂ।
ਸਭ ਤੋਂ ਉਹਲੇ ਸੁਪਨੇ ਅੰਦਰ
ਇਕ ਸੁਣੂੰ, ਲੱਖ ਉਹਨੂੰ ਕਹਿ ਜਾਊਂ।
ਜੇ ਕਿਧਰੇ ਮੈਂ ਹਉਕਾ ਬਣ ਗਈ
ਸ਼ਾਇਦ ਫੜ ਲਏ ਹੱਥ ਉਹ ਮੇਰਾ,
ਮੇਰਾ ਸੱਜਣ ਮੇਰਾ ਹੋ ਜਾਏ।
ਭਾਵੇਂ ਸੱਤ ਜਨਮਾਂ ਤੋਂ ਬਾਅਦ ਮਿਲੇ।
ਨਹੀਂ ਤਾਂ ਯਾਰ ਤੋਂ ਪਹਿਲਾਂ ਮੌਤ ਮਿਲੇ।
 
Top