ਮੌਤ ਦੇ ਅਰਥ

BaBBu

Prime VIP
ਕੋਈ ਮਾਂ ਨਹੀਂ ਚਾਹੁੰਦੀ
ਲਹੂ ਜ਼ਮੀਨ ਤੇ ਡੁੱਲ੍ਹੇ ।
ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ
ਤੇ ਵਧਦੀਆਂ ਫੁੱਲਦੀਆਂ ਫਸਲਾਂ ।
ਹਰ ਮਾਂ ਚਾਹੁੰਦੀ ਏ
ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ
ਜਾਂ ਸਾਜ਼ ਦੀ ਤਾਰ ਬਣੇ ।
ਮਾਂ ਨਹੀਂ ਚਾਹੁੰਦੀ
ਲੋਹਾ ਹਥਿਆਰ ਬਣੇ ।
ਪਰ ਜਦੋਂ ਲਹੂ ਖੌਲਦਾ ਏ
ਤਾਂ ਲੋਹੇ ਨੂੰ ਹਥਿਆਰ ਬਣਾ ਲੈਂਦਾ ਏ
ਤੇ ਹਾਂ
ਕਦੀ ਮਾਵਾਂ
ਆਪਣੀ ਹੱਥੀਂ ਵੀ
ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ ।
ਲਹੂ ਜ਼ਮੀਨ ਤੇ ਡੁਲ੍ਹਦਾ ਏ
ਜ਼ਮੀਨ ਲਹੂ ਨੂੰ ਜੀਰ ਲੈਂਦੀ ਏ
ਉਸ ਨੂੰ ਤੱਤਾਂ ਵਿੱਚ ਬਦਲ ਲੈਂਦੀ ਏ ।
ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ
ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ
ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ ।
ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ
ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਵਿੱਚ ਡੁਬ ਜਾਣਾ ।
 
Top