ਮੇਰੀ ਬਣੀਂ ਨਾਂ ਐਦਕੀਂ ਸਰਕਾਰ ਭਾਂਵੇਂ

ਮੇਰੀ ਬਣੀਂ ਨਾਂ ਐਦਕੀਂ ਸਰਕਾਰ ਭਾਂਵੇਂ

ਪੁੱਛ ਗਿੱਛ ਨਾਂ ਫੇਰ ਵੀ ਘਟਣ ਲੱਗੀ ।

ਡੇਗ ਦਿਆਂਗੇ ਇਸ ਸਰਕਾਰ ਨੂੰ ਵੀ

ਕੁਰਸੀ ਖੋਹਲਾਂਗੇ ਕਿਤੇ ਨੀਂ ਭੱਜਣ ਲੱਗੀ।

‘ਪੀ-ਆਰ’ ਵਾਲੀ ਕਰੂੰਗਾਂ ‘ਫਰਮ’ ਹਾਇਰ

ਜਿਹੜੀ ਦਿਊਗੀ ਅਕਸ਼ ਸੁਧਾਰ ਮੇਰਾ।

ਧੋਤੀ ਜਾਊ ਹਰ ਕਰਤੂਤ ਕਾਲੀ

ਗੋਰਖ ਧੰਦਾ ਲੱਗੂ ਹਰ ਵਪਾਰ ਮੇਰਾ।

ਮਾਲਕ ਖਰੀਦਕੇ ਕਿਸੇ ਅਖਬਾਰ ਵਾਲਾ

‘ਬਰੇਨ-ਵਾਸ਼’ ਕਰੂੰ ਸੂਬੇ ਦੇ ਪਾੜਿਆਂ ਦਾ

ਖੁਦ ਨੂੰ ਦਸਕੇ ਮੈਂ ਦਰਦੀ ਪੰਥ ਵਾਲਾ

ਮੁੱਲ ਵੱਟੂਗਾਂ ਪਏ ਹੋਏ ਪਾੜ੍ਹਿਆਂ ਦਾ।

ਫਿਰ ਆਊਗਾ ਮੌਸਮ ਜੁ ‘ਲੈਕਸ਼ਨਾਂ ਦਾ

ਓਦੋਂ ਵਿਕਣਗੇ ਲੋਕਾਂ ਦੇ ਚੁਣੇ ਹੋਏ।

ਵਾਂਗ ਮੱਛੀਆਂ ਫਸੂਗੀ ਕੌਮ ਮੇਰੀ

ਤੇ ਜਾਲ ਹੋਣਗੇ ਮੇਰੇ ਹੀ ਬੁਣੇ ਹੋਏ।

ਕਹਿ ਕੇ ਖਤਰੈਂ ਪੰਥ ਨੂੰ ਸੰਘ ਪਾੜੂੰ

ਵੇਖੀਂ ਭੜਕਦੇ ਕਿਵੇਂ ਤੂੰ ਜੱਟ ਭੋਲੇ।

ਹਲ਼ ਛੱਡ ਕੇ ਆਉਣਗੇ ਸੁਣਨ ਰੈਲੀ

ਪੱਗਾਂ ਬੰਨ ਕੇ ਨੀਲੀਆਂ ਜੱਟ ਭੋਲੇ।

ਜੇ ਫੇਰ ਵੀ ਦਿਸੀ ਨਾਂ ਗੱਲ ਬਣਦੀ

ਕੱਢੂੰ ਮੋਰਚੇ ਸਾਰੇ ਪੰਜਾਬ ਅੰਦਰ।

‘ਏਅਰ ਕੰਡੀਸ਼ਨ’ ਮੇਰੀ ਤਾਂ ਜੇਲ੍ਹ ਹੋਣੀ

ਬਾਕੀ ਸੜਨਗੇ ਜੇਲ੍ਹੀਂ ਪੰਜਾਬ ਅੰਦਰ।

ਚੰਡੀਗੜ੍ਹ ਵੀ ਅਜੇ ਤਾਂ ਮੰਗਣਾ ਏ

ਫੇਰ ਮੰਗਾਗੇ ਖੁੱਸੇ ਹੋਏ ਪਾਣੀਆਂ ਨੂੰ।

ਚੁੱਪ ਰਿਹਾ ਤਾਂ ਹੋਣਗੇ ਜਾਹਰ ਘੱਪਲੇ

ਫੇਰ ਛੇੜੂਗਾਂ ਚੁਰਾਸੀ ਦੀਆਂ ਕਹਾਣੀਆਂ ਨੂੰ।

ਕਾਂਗਰਸ ਜਿੱਤਦੀ,ਜਿੱਤਜੇ ਲੱਖ ਵਾਰੀ

ਪਰ ਮੈਂ ਜਿਤਣ ਕਦੇ ਨਾਂ ਪੰਥ ਦੇਣਾ।

ਘੁੰਮਣ ਘੇਰੀਂਆਂ ‘ਚ ਪਾ ਰੋਲ਼ ਦੇਣਾ

ਮੇਰੇ ਮਾਲਕਾਂ ਜਿੱਤਣ ਨਾਂ ਪੰਥ ਦੇਣਾ।

ਕਾਂਗਰਸੀਏ ਕਿਹੜਾ ਕੋਈ ਓਪਰੇ ਨੇ

ਦੂਰੋਂ ਨੇੜਿਓਂ ਲੱਗਣ ਓਹ ਸਾਕ ਮੇਰੇ।

ਨਾਂ ਕੁਝ ਮੈਂ ਕੀਤਾ,ਨਾਂ ਕੁਝ ਉਨਾਂ ਕਰਨਾਂ

ਮਸਲੇ ਲਮਕਦੇ ਪੱਕੇ ਨੇ ਗਾਹਕ ਮੇਰੇ।

ਮੇਰੀ ਬਣੇ ਸਰਕਾਰ ਨਾਂ ਬਣੇ ਭਾਂਵੇਂ

ਬੱਤੀ ਲਾਲ ਰਹੂ ਸਦਾ ਹੀ ਕਾਰ ੳੱਤੇ।

ਜਿੰਨਾਂ ਚਿਰ ਨੇ ਗਰੀਬ ਅਨਪੜ੍ਹ ਲੋਕੀ

ਸ਼ਕ ਨਾਂ ਕਰੂ ਕੋਈ ਗੁਝੇ ਵਾਰ ੳੱਤੇ।
 
Top