ਮੇਰੀ ਖੜ੍ਹੀ ਸਾਇਕਲ ਨੇ ਰਿੜਨਾ ਚਾਹਿਆ

gurpreetpunjabishayar

dil apna punabi
ਅੱਜ ਫਿਰ ਪਿੰਡ ਦੀ ਯਾਦ ਦਾ ਸੁਪਨਾ,
ਮੈਂਨੂੰ ਕਿਸੇ ਬਹਾਨੇ ਆ ਗਿਆ,
ਹਵਾਵਾਂ ਵਿੱਚੋਂ ਦੀ ਲੰਘਦਾ ਹੋਇਆ,
ਮੇਰੀਆਂ ਯਾਦਾਂ ਨੂੰ ਮੁੜ ਦੁਹਰਾ ਗਿਆ। ਅੱਜ ਫਿਰ-

ਪੰਛੀਆਂ ਵਾਂਗੂ ਚਹਿਕਦਾ ਹੋਇਆ,
ਕੋਇਲਾਂ ਵਾਂਗੂ ਕੂਕਦਾ ਹੋਇਆ,
ਫੁੱਲਾਂ ਵਾਂਗੂ ਮਹਿਕਦਾ ਹੋਇਆ,
ਇੱਕ ਨਿੰਮੀ ਜਿਹੀ ਖੁਸ਼ਬੂ ਖਿੰਡਾ ਗਿਆ। ਅੱਜ ਫਿਰ-

ਦਰਸ਼ਨ ਦੀਦਾਰ ਫਿਰ ਹੋਏ ਪਿੰਡ ਦੇ,
ਜਿਵੇਂ ਅਮਰਾਵਤੀ ਵਿੱਚ ਮੈਂ ਆ ਗਿਆ,
ਕਦੀਮੀ ਯਾਦਾਂ ਫਿਰ ਆਈਆਂ ਚੇਤੇ,
ਮੇਰੇ ਬੁੱਲਾਂ ਤੇ ਹਾਸਾ ਖਿੜਾ ਗਿਆ। ਅੱਜ ਫਿਰ-

ਸੂਰਜ ਢਾਲ ਜਿਵੇਂ ਬਰਫ ਨੂੰ ਲਿਆਇਆ,
ਉਵੇਂ ਹੀ ਮੈਂਨੂੰ ਸੁਪਨਾ ਆਇਆ,
ਪਿੰਡ ਦਾ ਸ਼ੋਰ ਕੰਨਾਂ ਵਿੱਚ ਛਾਇਆ,
ਫਿਰ ਪਿੰਡ ਦੀਆਂ ਗਲੀਆਂ ਦਾ ਮੇਲ ਕਰਾਇਆ। ਅੱਜ ਫਿਰ --

ਘਰ ਦੇ ਦਰਵਾਜ਼ੇ ਨੇ ਹਾਕ ਮਾਰ ਬੁਲਾਇਆ,
ਘਰ ਦੇ ਵੇਹੜੇ ਨੇ ਰੋਲਾ ਪਾਇਆ,
ਮੇਰੀ ਲਾਈ ਬੇਰੀ ਨੇ ਸਿਰ ਝੁਕਾਇਆ,
ਸਾਰਾ ਘਰ ਮੈਂਨੂੰ ਜਿਵੇਂ ਦੇਖਣ ਆਇਆ। ਅੱਜ ਫਿਰ -

ਸਰਪਟ ਮੈਂ ਦਰ ਨੇੜੇ ਆਇਆ,
ਤਾਲਾ ਖੋਲ੍ਹ ਵੇਹੜੇ ਵਿੱਚ ਆਇਆ,
ਮੇਰੇ ਬਚਪਨ ਨੂੰ ਦਿੱਸਣੀ ਲਾਇਆ,
ਹੰਝੂਆਂ ਦਾ ਫਿਰ ਹੜ੍ਹ ਵੀ ਆਇਆ। ਅੱਜ ਫਿਰ -

ਇੱਕ-ਇੱਕ ਇੱਟ ਨੇ ਹਾਲ ਸੁਣਾਇਆ,
ਮੇਰੀ ਖੜ੍ਹੀ ਸਾਇਕਲ ਨੇ ਰਿੜਨਾ ਚਾਹਿਆ,
ਬਚਪਨ ਦੀਆਂ ਖੇਡਾਂ ਹਾਕ ਮਾਰ ਬੁਲਾਇਆ,
ਇੱਕ ਸਰੂਰ ਜਿਹਾ ਮੇਰੇ ਮਨ ਤੇ ਛਾਇਆ-ਅੱਜ ਫਿਰ-

ਰਾਤ ਲੰਘੀ ਤਾਂ ਦਿਨ ਚੜ੍ਹ ਆਇਆ,
ਕੁੱਕੜਾਂ ਬਾਂਗਾਂ ਮਾਰ ਉਠਾਇਆ,
ਸੂਰਜ ਮਗਰੋਂ ਫਿਰ ਆਸਣ ਲਾਇਆ,
ਮੇਰਾ ਖ਼ਾਬ ਮੈਂਨੂੰ ਮੁੜ ਨਾ ਆਇਆ। ਅੱਜ ਫਿਰ

ਲੇਖਕ ਗੁਰਪ੍ਰੀਤ
 
Top