ਭਾਰਤ ਦੇ ਨੇਤਾ

maxo

Punjabi, Sikh
ਨੇਤਾ ਭਗ਼ਵੇਂ ਕੱਪੜੇ ਪਾ ਕੇ ਹਿੰਦ ਨੂੰ ਤਾਰਨਗੇ ।
ਮੱਥੇ ਉੱਤੇ ਤਿਲਕ ਲਗਾ ਕੇ ਹਿੰਦ ਨੂੰ ਤਾਰਨਗੇ ।
ਜੋਤਸ਼ੀਆਂ ਨੂੰ ਪੁੱਛ ਕੇ ਇਨ੍ਹਾਂ ਇਲੈਕਸ਼ਨ ਲੜਨੀ ਹੈ,
ਪੰਡਤ ਤੋਂ ਮੰਤਰ ਪੜ੍ਹਵਾ ਕੇ ਹਿੰਦ ਨੂੰ ਤਾਰਨਗੇ ।
ਵੋਟਾਂ ਵੇਲੇ ਦਾਰੂ ਭੁੱਕੀ ਰੱਜ ਰੱਜ ਵੰਡਣਗੇ,
ਥੋੜ੍ਹੇ ਅਮਲੀ ਹੋਰ ਬਣਾਕੇ ਹਿੰਦ ਨੂੰ ਤਾਰਨਗੇ ।
ਭ੍ਰਿਸ਼ਟਾਚਾਰ ਤੇ ਬੇਈਮਾਨੀ ਖ਼ਬਰੇ ਕਿੱਥੇ ਹੈ,
ਨੇਤਾ ਸੱਚ ਨੂੰ ਝੂਠ ਬਣਾਕੇ ਹਿੰਦ ਨੂੰ ਤਾਰਨਗੇ ।
ਅਪਨਾ ਭਾਰਤ ਦੇਸ਼ ਵਿਸ਼ਵ ਮੇਂ ਅੱਵਲ ਨੰਬਰ ਹੈ,
ਗੱਲ ਨੂੰ ਥੋੜ੍ਹਾ ਜਿਹਾ ਵਧਾਕੇ ਹਿੰਦ ਨੂੰ ਤਾਰਨਗੇ ।
ਦੇਸ਼ ਦੇ ਵਿਚੋਂ ਅਸੀਂ ਗ਼ਰੀਬੀ ਕੱਢ ਕੇ ਛੱਡਾਂਗੇ,
ਉੱਚੇ ਉੱਚੇ ਨਾਅਰੇ ਲਾਕੇ ਹਿੰਦ ਨੂੰ ਤਾਰਨਗੇ ।

ਆਜ਼ਾਦੀ ਦਾ ਜਸ਼ਨ ਗਰੀਬਾਂ ਕਦੋਂ ਮਨਾਉਣਾ ਸੀ
ਨੇਤਾ ਜੀ ਪੋਰ ਲੱਡੂ ਖ਼ਾ ਕੇ ਹਿੰਦ ਨੂੰ ਤਾਰਨਗੇ ।
ਭਾਰਤ ਮਾਤਾ ਖ਼ਾਤਰ ਸੂਲ਼ੀ ਚੜ੍ਹਨਾ ਪੈਣਾ ਹੈ,
ਮੁੰਡਿਆਂ ਕੁੜੀਆਂ ਨੂੰ ਉਕਸਾਅ ਕੇ ਹਿੰਦ ਨੂੰ ਤਾਰਨਗੇ ।
ਕਿਸੇ ਵਿਦੇਸ਼ੀ ਔਰਤ ਨੂੰ ਗੱਦੀ ਤੋਂ ਲਾਹੁਣ ਲਈ,
ਸਿਰ ਦੇ ਲੰਮੇ ਵਾਲ਼ ਮੁੰਨਾਕੇ ਹਿੰਦ ਨੂੰ ਤਾਰਨਗੇ ।
ਜਿੱਥੇ ਜੰਮਿਆਂ ਰਾਮ ਹੈ, ਉਥੇ ਮਸਜਦ ਕਾਹਨੂੰ ਹੈ,
ਅੱਲਾ ਦੇ ਇਕ ਘਰ ਨੂੰ ਢਾ ਕੇ ਹਿੰਦ ਨੂੰ ਤਾਰਨਗੇ ।
ਰੱਥ ਯਾਤਰਾ,ਪਦ ਯਾਤਰਾ ਪੂਰਬ ਪੱਛਮ ਤੀਕ,
ਕੁਝ ਦਿਨ ਮੋਟਰ ਕਾਰ ਭੁਲਾ ਕੇ ਹਿੰਦ ਨੂੰ ਤਾਰਨਗੇ ।
ਆਤਮ ਹੱਤਿਆ ਕਰਦੇ ਪਏ ਨੇ ਵਾਰਸ ਧਰਤੀ ਦੇ,
ਨੇਤਾ ਕਾਲ਼ੀ ਐਨਕ ਲਾਕੇ ਹਿੰਦ ਨੂੰ ਤਾਰਨਗੇ।
ਰਿਸ਼ਵਤ ਖ਼ਾ ਕੇ ਨੇਤਾ ਢਿੱਡ ਵਧਾਈ ਫ਼ਿਰਦੇ ਨੇ,
ਸੰਮਾਂ ਵਾਲ਼ੀ ਡਾਂਗ ਚਲਾਕੇ ਹਿੰਦ ਨੂੰ ਤਾਰਨਗੇ ।
ਸੌ ਕਰੋੜ ਲੋਗ਼ੋਂ ਕਾ ਭਾਰਤ ਦੇਸ਼ ਹਮਾਰਾ ਹੈ,
ਇਸ ਦੀ ਗਿਣਤੀ ਹੋਰ ਵਧਾ ਕੇ ਹਿੰਦ ਨੂੰ ਤਾਰਨਗੇ ।
ਕਹਿੰਦੇ ਸੱਤਰ ਲੱਖ ਭਾਰਤੀ ਸਾਧੂ ਬਣ ਗਏ ਨੇ,
ਪਿੰਡੇ ਉੱਤੇ ਧੂੜ ਨਮਾ ਕੇ ਹਿੰਦ ਨੂੰ ਤਾਰਨਗੇ ।
“ਸਾਥੀ” ਵਰਗਾ ਸ਼ਾਇਰ ਲੋਕਾਂ ਨਾਲ਼ ਖ਼ੜੋਤਾ ਹੈ,
ਉਸ ਨੂੰ ਲੋਕਾਂ ਤੋਂ ਤੁੜਵਾ ਕੇ ਹਿੰਦ ਨੂੰ
ਤਾਰਨਗੇ ।


By: ਸਾਥੀ ਲੁਧਿਆਣਵੀ

 
Top