ਬਿਰਹੋਂ ਦਾ ਸਤਾਇਆ ਹਾਂ ਗ਼ਮਾਂ ਤੋਂ ਘਬਰਾਉਂਦਾ ਹਾਂ

ਮੇਰਾ ਨਾ ਕਸੂਰ ਜੇ ਪੀਕੇ ਹੋਸ਼ ਗੁਆਉਂਦਾ ਹਾਂ।
ਬਿਰਹੋਂ ਦਾ ਸਤਾਇਆ ਹਾਂ ਗ਼ਮਾਂ ਤੋਂ ਘਬਰਾਉਂਦਾ ਹਾਂ।

ਇਸ਼ਕ ਦੇ ਕਈ ਡੂੰਘੇ ਅਰਥ ਕੱਢਦੇ ਨੇ ਕਵੀ
ਟੁੱਟੇ ਦਿਲ ਦਾ ਗ਼ਮ ਇਸਦਾ ਮਾਅਨਾ ਦੁਹਰਾਉਂਦਾ ਹਾਂ।

ਆਸ਼ਿਕਾਂ ਦੀ ਜਿੰਦਗੀ ਤੇ ਚਿੱਤਰ ਬਣਾਂਦੇ ਐ ਚਿੱਤਰਕਾਰ
ਮੈਂ ਆਸ਼ਿਕਾਂ ਦੀ ਦਰਦ ਭਰੀ ਤਸਵੀਰ ਦਿਖਾਉਂਦਾ ਹਾਂ।

ਹੁਸੀਨ ਚਿਹਰੇ ਦੇਖਕੇ ਬੁੱਤਘਾੜੇ ਬੁੱਤ ਘੜ ਦਿੰਦੇ ਨੇ
ਬੇਵਫ਼ਾ ਰੂਪ ਦੇਖ ਇੰਨਾਂ ਦਾ ਮੈਂ ਮੁਸਕਰਾਉਂਦਾ ਹਾਂ।

ਕੁਝ ਗੀਤ ਗਾਉਂਦੇ ਲੋਕੀਂ ਮੁਹੱਬਤ ਦੀ ਉਪਮਾ ਦੇ
ਮੁਹੱਬਤ ਦੀ ਪੀੜਾ ਦਾ ਗੀਤ ਮੈਂ ਗੁਣਗੁਣਾਉਂਦਾ ਹਾਂ।

ਝੀਲਾਂ ਤੇ ਜਾਣ ਪ੍ਰੇਮੀ ਖੁਸ਼ੀ ਮਨਾਉਣ ਮਿਲਣ ਦੀ
ਮੈਂ ਕਰਮਾਂ - ਜਲਿਆ ਜਾਮ ਵਿੱਚ ਮੂੰਹ ਛੁਪਾਉਂਦਾ ਹਾਂ।

ਜੋੜੇ ਇਕੱਠੇ ਰਹਿਣ ਲਈ ਖੁਦਾ ਕੋਲ ਕਰਨ ਸਿਜਦੇ
ਜਿੰਦਗੀ ਵਾਪਸ ਦੇਣ ਲਈ ਮੈਂ ਸਿਰ ਝੁਕਾਉਂਦਾ ਹਾਂ।
 
Top