ਬਣਕੇ ਪਾਂਧੀ ਇਸ਼ਕ ਦੇ ਵਿਚ ਤੂੰ ਕਿਨਾਰਾ ਕਰ ਗਿਆ

ਗਜ਼ਲ


ਬਣਕੇ ਪਾਂਧੀ ਇਸ਼ਕ ਦੇ ਵਿਚ ਤੂੰ ਕਿਨਾਰਾ ਕਰ ਗਿਆ i
ਬੇਰੁਖੀ ਦੇ ਫੱਟ ਮੈਂ ਸਾਰੇ ਦਿਲ ਤੇ ਹਸ ਕੇ ਜ਼ਰ ਗਿਆ

ਜ਼ਿਗਰ ਦਾ ਰੱਤ ਪਾ ਮੈਂ ਦੀਵੇ ਪਿਆਰ ਦੇ ਬਾਲੇ ਜਦੋਂ,
ਤੂੰ ਬੁਝਾ ਕੇ ਦੋਸ਼ ਸਾਰੇ ਕਿਸਮਤਾਂ ਤੇ ਕਰ ਗਿਆi

ਸੁਲਘਦੇ ਜ਼ਜਬਾਤ ਮੇਰੇ ਬਲ ਕੇ ਭਾਂਬੜ ਮਚ ਗਏ,
ਪਰ ਗਿਰਾ ਕੇ ਬਿਜਲੀਆਂ ਤੂੰ ਹੋਰ ਕਿਧਰੇ ਵਰ੍ਹ ਗਿਆ i

ਲਾਸ਼ ਨੂੰ ਦਫ਼ਨਾ ਕੇ ਮੇਰੀ ਤੂੰ ਤਾਂ ਫਾਰਗ ਹੋ ਗਿਓਂ,
ਲੋਕ ਕਹਿੰਦੇ ਸਿਰਫਿਰਾ ਮੈਂ ਮੌਤ ਤੇਰੀ ਮਰ ਗਿਆ i

ਮਹਿਫਲਾਂ ਵਿਚ ਜ਼ਿਕਰ ਤੇਰਾ ਜਦ ਵੀ ਹੁੰਦਾ ਹੈ ਕਦੇ ,
ਸਿਤਮ ਤੇਰੇ ਯਾਦ ਕਰਕੇ ਮੈਂ ਹਮੇਸ਼ਾਂ ਡਰ ਗਿਆi

ਆਤਮਾਂ ਹੁਣ ਰੋ ਰਹੀ ਹੈ ਖੂਨ ਦੇ ਆਂਸੂ ਬੜੇ,
ਬੇਵਫਾ ਤੂੰ ਬਣਕੇ ਖੰਜਰ ਦਿਲ ਮੇਰੇ ਤੇ ਧਰ ਗਿਆ i

ਜ਼ਖਮ ਮੇਰੇ ਵੇਖ ਕੇ ਤੂੰ ਤੁਰ ਗਿਆ ਬਸ ਫੋਲ ਕੇ,
ਬਣਕੇ ਬੱਦਲ ਪੀੜ ਦਾ ਮੇਰੇ ਤੇ ਸਾਰਾ ਵਰ੍ਹ ਗਿਆ i

ਰੂਹ ਪਿਆਸੀ ਹੀ ਰਹੀ ਬਸ ਪਿਆਰ ਦੀ ਇਕ ਬੂੰਦ ਤੋਂ,
ਹੜ ਗਮਾਂ ਦੇ ਨਾਲ ਮੇਰੇ ਦਿਲ ਦਾ ਦਰਿਆ ਭਰ ਗਿਆ i
ਆਰ. ਬੀ. ਸੋਹਲ
 
Last edited:
Top