ਫੇਰ ਵੀ ਗਲ ਨਹੀਂ ਉਹ ਪਹਿਲੇ ਜਹੀ

ਧੁਪ ਤਾਂ ਅਜ ਵੀ ਹੈ ਰੋਜ਼ ਹੀ ਚੜਦੀ
ਫੇਰ ਵੀ ਗਲ ਨਹੀਂ ਉਹ ਪਹਿਲੇ ਜਹੀ

ਮੇਰੇ ਘਰ ਸੀ ਹਨੇਰੇ ਹੜ ਆਏ
ਦੂਰ ਵਗਦੀ ਨਦੀ ਸੀ ਚਾਨਣ ਦੀ

ਬੁਲਬਲਾਂ ਗੀਤ ਗਾਏ ਵਿਹੜੀਂ ਪਰ
ਪੱਤਾ ਪੱਤਾ ਬਹਾਰ ਦੁਖਦੀ ਰਹੀ

ਕੋਈ ਮੌਸਮ ਵੀ ਦਿਲ ਦੇ ਰਾਸ ਨ ਸੀ
ਛਡ ਕੇ ਤੁਰ ਜਾਂਦੇ ਰਹੇ ਆਏ ਕਈ

ਇਕ ਕੁਟੰਭ ਨੂੰ ਵੀ ਪੂਰੀ ਪੈਂਦੀ ਨ ਅਜ
ਘਰ ਦੇ ਸਾਰੇ ਜੀਆਂ ਦੀ ਆਮਦਨੀ

ਤੇਹ ਘਟੀ ਦਿਲ-ਥਲਾਂ ਦੇ ਰੇਤੇ ਨਹੀਂ
ਪੀ ਹਜ਼ਾਰਾਂ ਹੀ ਹੰਝ ਦੇ ਸਾਗਰ ਵੀ

ਮੇਰੇ ਦਿਲ ਦੇ ਦਰਦ ਦਾ ਬੂਟਾ ਕੋਈ
ਆਣ ਪੱਟ ਲੈ ਜਵੇ ਸਣੇ ਚਕਲੀ

ਜ਼ਹਰ ਹੋਵੇ ਜੋ ਸਿਰ ਚੜੀ ਬੋਲੇ
ਗਮ-ਖੜੱਪੇ ਦੀ ਹੁਣ ਨਹੀਂ ਚੜਦੀ

ਵਕਤ ਦੇ ਸਾਕਿਆਂ ਬਣਾ ਛੱਡੀ
ਲਹੂ-ਪੀਣੀ ਪੰਜਾਬ ਦੀ ਧਰਤੀ

ਕੋਈ ਵਾਲੀ ਨਹੀਂ ਪੰਜਾਬੀ ਤਦੇ
ਪੁੱਤ ਇਸਦੇ ,ਕਿਤੇ ਹੈ ਪਤ ਰੁਲਦੀ

ਖੂਨ-ਰੰਗੀ ਹਨੇਰੀ ਝੁੱਲਦੀ ਸਦਾ
ਜਦ ਵੀ ਇਤਹਾਸ ਖੋਲਦਾ ਖਿੜਕੀ

ਰਾਤ ਕਬਰਾਂ 'ਚ ਵੈਣ ਪਾਉਂਦੀ ਹੈ ਰੋਜ਼
ਹੁਣ ਸ਼ਹੀਦਾਂ ਦੇ ਖੂਨ ਦੀ ਚਕਵੀ

ਇਕ ਪਲਾਜ਼ੇ ਦੇ ਬਣਨ ਨੂੰ ਢਹ ਗਈ
ਰਾਤੋ-ਰਾਤੀਂ ਗਰੀਬਾਂ ਦੀ ਬਸਤੀ

ਵੇਦ ਦੀ ਧਰਤੀ ਨੂੰ ਸਰਾਪੀ ਗਈ
ਦੂਰ ਸਮਿਆਂ ਤੋਂ ਮਨੂੰ ਦੀ ਗੁੜਤੀ

ਹਾਰ ਟੁਰ ਗਏ ਤਬੀਬ , ਕਰਦੇ ਕੀ?
ਜਾਤਾਂ-ਪਾਤਾਂ ਦਾ ਰੋਗ ਸੀ ਪੁਸ਼ਤੀ

__________________


unknown
 
Top