ਪੱਥਰ ਦਿਲ ਜਦ ਬਣ ਗਏ ਨੇ ਫੁਲਾਂ ਵਰਗੇ ਯਾਰ ਤੋਂ

ਗਜ਼ਲ

ਪੱਥਰ ਦਿਲ ਜਦ ਬਣ ਗਏ ਨੇ ਫੁਲਾਂ ਵਰਗੇ ਯਾਰ ਤੋਂ i
ਹੁਣ ਨਾ ਲਗਦਾ ਮੈਂ ਬਚਾਂਗਾ ਆਪਣਿਆਂ ਦੇ ਵਾਰ ਤੋਂ i

ਫੁੱਲ ਸਦਾ ਖਿੜਦੇ ਹੀ ਰਹਿੰਦੇ ਕੈਕਟਸਾਂ ਦੇ ਨਾਲ ਵੀ,
ਪਿਓਂਦ ਮੈਂ ਖੁਸ਼ੀਆਂ ਦੀ ਲਾਵਾਂ ਡਰ ਨਹੀਂ ਹੁਣ ਖਾਰ ਤੋਂ i

ਜਿੰਦਗੀ ਸੰਗਰਾਮ ਹੈ ਤੇ ਜਿੱਤ ਵੀ ਸੰਗਰਾਮ ਦੀ,
ਮੰਜਿਲਾਂ ਨੂੰ ਪਾ ਹੀ ਲੈਂਦੇ ਡਰਦੇ ਨਾ ਜੋ ਹਾਰ ਤੋਂ i

ਰੁੱਸ ਨਾ ਜਾਵਣ ਗੀਤ ਮੇਰੇ ਸਜਦੇ ਮੈਂ ਕਰਦਾ ਰਹਾਂ,
ਗਲ ਲਗਾ ਕੇ ਗੁਨਗੁਨਾਵਾਂ ਰੂਹ ਦੀ ਹਰ ਇੱਕ ਤਾਰ ਤੋਂ i

ਤਲਖੀਆਂ ਦੁਸ਼ਵਾਰੀਆਂ ਹੀ ਉਮਰ ਭਰ ਸਹਿੰਦੇ ਰਹੇ,
ਜਿੰਦਗੀ ਪਰ ਝੁਕ ਨਾ ਸਕਦੀ ਹੁਣ ਦੁੱਖਾਂ ਦੇ ਭਾਰ ਤੋਂ i

ਦਰਦ ਸਾਨੂੰ ਮਿਲ ਗਏ ਨੇ ਸ਼ਾਇਰੀ ਦੇ ਵਾਸਤੇ,
ਸ਼ਿਅਰ ਮੇਰੇ ਸਜ ਗਏ ਨੇ ਹਰਫ਼ ਲੈ ਕੇ ਪਿਆਰ ਤੋਂ i

ਅੱਗ ਦੇ ਸੰਗ ਪਿਆਰ ਸਾਡਾ ਹੰਝੂਆ ਸੰਗ ਦੋਸਤੀ,
ਸ਼ੌਕ ਸਾਡਾ ਸਦਕੇ ਜਾਵੇ ਹਰ ਨਵੇਂ ਅੰਗਿਆਰ ਤੋਂ i

ਵੇਖ ਕੇ ਹੁਣ ਦਰਦ ਮੇਰਾ ਗਮ ਨੇ ਹੱਸਣਾ ਸਿਖ ਲਿਆ,
ਸਿਖ ਲਏ ਖੁਸ਼ੀਆਂ ਨੇ ਗਮ ਬਿਰਹਾ ਕਿਸੇ ਮੁਟਿਆਰ ਤੋਂ i
ਆਰ.ਬੀ.ਸੋਹਲ
27.02.2015
 
Top