ਪੌਣਾਂ ਹੱਥ ਸੁਨੇਹੇ ਘੱਲੇ

ਪੌਣਾਂ ਹੱਥ ਸੁਨੇਹੇ ਘੱਲੇ , ਪਰਤੀ ਖਾਲੀ ਪੌਣ ਹੈ
ਜਿਸਦਾ ਨਾ ਕੋਈ ਥਹੁ ਪਤਾ , ਪੁਛਦੀ ਕਿ ਓਹ ਕੌਣ ਹੈ

ਨਾ ਕੋਈ ਇਥੇ ਪਾਣੀ ਭਰਦਾ , ਨਾ ਕੋਈ ਆਏ ਪਿਆਸਾ
ਜਿੰਦ ਤਾਂ ਜਿਵੇਂ ਪਿਆਸੇ ਖੂਹ ਦੀ , ਉਜੜੀ ਹੋਈ ਮੌਣ ਹੈ

ਸੜਕ ਕਿਨਾਰੇ ਬੇਸੁੱਧ ਸੁੱਤੇ , ਲੈ ਚਾਦਰ ਤਾਰਿਆਂ ਵਾਲੀ
ਸ਼ਾਹੀ ਬਿਸਤਰ ਵਿੱਚ ਕਰਵਟਾਂ , ਇਹ ਵੀ ਕੋਈ ਸੌਣ ਹੈ

ਜੋੜੇ ਚਾਰ ਯੁਗਾਂ ਦੇ ਪਾਵੇ , ਉਮਰਾਂ ਬਾਹੀਆਂ ਪਾਈਆਂ
ਸਾਹ ਸੇਰੁ , ਮੋਹਾਂ ਦੀ ਮੁੰਜ 'ਤੇ ਨਫਰਤਾਂ ਦੀ ਦੌਣ ਹੈ

ਵੈਰ ਸਦਾ ਹੀ ਵੈਰ ਕਮਾਵੇ , ਤੂੰ ਆਕੜਾਂ ਨਾ ਕਰ
ਜੇ ਕਿਧਰੇ ਸਿਰ ਝੁਕਦਾ ਤਾਂ , ਰਹਿੰਦੀ ਤਕੜੀ ਧੌਣ ਹੈ

ਵਿਚ ਮੰਦਿਰੀ ਚੂਹੇ ਰਹਿੰਦੇ , ਖਾਂਦੇ ਘਟ ਕਰਨ ਬਰਬਾਦੀ
ਓਥੇ ਜਾ ਕੇ ਚੋਗ ਖਿਲਾਰੋ , ਜਿਥੇ ਭੁਖਿਆਂ ਦਾ ਭੌਣ ਹੈ

ਮਹਕ ਕਿਸੇ ਦੀ ਹੋਈ ਨਾ ਤੇ ਨਾ ਕਿਸੇ ਦੀ ਹੋਣੀ
ਕਿਣਕੇ ਕਿਣਕੇ ਵਿਚ ਸਮਾਵੇ , ਪਿਆਰ ਇਸਦਾ ਮੌਨ ਹੈ


unknwn
 
Top