ਪਾਤਰ

ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫ਼ਾ ਪਾਤਰ
ਮਿਲਾ ਕੇ ਪੰਜ ਤੱਤ ਇਕ ਸਾਰ ਰੱਬ ਨੇ ਸਿਰਜਿਆ ਪਾਤਰ

ਸਮੇਂ ਦੇ ਗੰਧਲੇ ਪਾਣੀ ਤੇ ਉਹ ਤਰਿਆ ਫੁੱਲ ਦੇ ਵਾਂਗੂੰ
ਸਮੇਂ ਦੇ ਸ਼ੋਰ ਚੋਂ ਇਕ ਤਰਜ਼ ਬਣ ਕੇ ਉਭਰਿਆ ਪਾਤਰ

ਉਹਦੇ ਲਫ਼ਜ਼ਾਂ ਚ ਉਹ ਲੱਜ਼ਤ ਉਹਦੇ ਬੋਲਾਂ ਦਾ ਉਹ ਲਹਿਜਾ
ਹਵਾ ਸਾਹ ਰੋਕ ਕੇ ਸੁਣਦੀ ਜਦੋਂ ਕੁਝ ਆਖਦਾ ਪਾਤਰ

ਖਿੜੇ ਗੁੰਚੇ ਜਗੇ ਦੀਵੇ ਤਰੰਗਿਤ ਹੋ ਗਏ ਪਾਣੀ
ਇਹ ਅਨਹਦ ਨਾਦ ਵੱਜਦਾ ਹੈ ਜਾਂ ਕਿਧਰੇ ਗਾ ਰਿਹਾ ਪਾਤਰ

ਉਹਦਾ ਬਿਰਖਾਂ ਨੂੰ ਸਿਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦਾਈ
ਕਿਸੇ ਕੁਰਸੀ ਦੇ ਮੂਹਰੇ ਦੇਖਿਆ ਨਾ ਝੁਕ ਰਿਹਾ ਪਾਤਰ
 
Top