ਨੈਣ ਨਸ਼ੀਲੇ ਤੇਰੇ ਮੁੱਖ ਤੇ ਲੱਗਦੇ ਬੜੇ ਪਿਆਰੇ ਨੀ

ਨੈਣ ਨਸ਼ੀਲੇ ਤੇਰੇ ਮੁੱਖ ਤੇ ਲੱਗਦੇ ਬੜੇ ਪਿਆਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ

ਲੱਗਦਾ ਜਿਵੇਂ ਜ਼ਾਮ ਦੇ ਭੱਰਕੇ ਪਿਆਲੇ ਦੋ ਛਲਕਾ ਜਾਵੇਂ
ਘੋਲ ਦੇਵੇਂ ਤੂੰ ਮਸਤ ਅਦਾਵਾਂ ਸਾਕੀ ਬਣ ਪਿਲਾ ਜਾਵੇਂ
ਆ ਜਾਂਦਾ ਮੈਖਾਨੇ ਜਿਹੜਾ ਲੈਂਦਾ ਮਸਤ ਹੁਲਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ

ਗੱਲਾਂ ਨੂੰ ਤੇਰੇ ਚੁੰਮਣ ਝੁਮਕੇ ਝਾਂਜਰ ਵੀ ਕੁਝ ਕਹਿ ਜਾਵੇ
ਨੱਕ ਦੀ ਨਥਲੀ ਜੋਰਾ-ਜੋਰੀ ਬੁੱਲੀਆਂ ਦੇ ਨਾਲ ਖਹਿ ਜਾਵੇ
ਮੂੰਹ ਕਲੀਆਂ ਦੇ ਖੁੱਲ ਜਾਂਦੇ ਤੇਰੇ ਹਾਸਿਆਂ ਦੇ ਸਹਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ

ਤੀਰ ਨਜ਼ਰ ਦੇ ਵੇਖ ਕੇ ਤੇਰੇ ਰੁੱਖ ਹਵਾ ਦਾ ਮੁੱੜ ਜਾਵੇ
ਹੁਸਨਾਂ ਦਾ ਭਰਿਆ ਤੂੰ ਸਾਗਰ ਪੈਰ ਧਰੇ ਉਹ ਰੁੜ ਜਾਵੇ
ਇੱਕ ਵਾਰੀ ਜੋ ਹੜ ਜਾਂਦਾ ਫਿਰ ਲੱਗਦਾ ਨਹੀਂ ਕਿਨਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ

ਵੇਖ ਹੱਥਾਂ ਤੇ ਮਹਿੰਦੀ ਤੇਰੇ ਸੂਰਜ ਵੀ ਫਿਰ ਚੜ ਜਾਵੇ
ਅੱਖ ਦਾ ਕਜਲਾ ਤੱਕ ਕੇ ਤੇਰਾ ਰਾਤ ਪਰੀ ਵੀ ਖੜ ਜਾਵੇ
ਸੀਸ ਨਿਮਾ ਕੇ ਫੁੱਲ ਵੀ ਤੈਥੋ ਖੁਸ਼ਬੋ ਲੈਣ ਉਧਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ

ਆਰ.ਬੀ.ਸੋਹਲ

progress.gif
 
Top