ਨਜ਼ਮ ਨਹੀਂ ਪੁਕਾਰ

ਹੇ ਨਾਨਕ ਜੀਓ !
ਜੋਤ ਰੱਖਣ ਲੱਗਿਆਂ
ਤੁਸੀ ਜਾਤ ਨਹੀਂ ਦੇਖੀ
ਪਰ ਅਸੀਂ ?
ਅਸੀ ..ਗੁਰਗੱਦੀ ਧੱਕੇ ਨਾਲ਼
ਬੇਦੀਆਂ ਤੋਂ ਤ੍ਰੇਹਣਾ , ਭੱਲਿਆਂ ਰਾਹੀ
ਸੋਢੀਆਂ ਕੋਲ ਜਾ ਬਿਠਾਈ
ਅੱਜ ਵੀ ਸਾਡੇ ਕੋਲ
ਤੁਹਾਡੀ 18 ਵੀ ਬੇਦੀ ਔਲਾਦ ਹੋਣ ਦਾ
ਹੰਕਾਰ ਲੈ ਕੇ ਗੱਦੀ ਲਉਣ ਵਾਲਾ ਸਾਧ ਹੈ
ਸੋਢੀ ਪਾਤਸ਼ਾਹ ਕਹਿ ਕਹਿ
ਵਾਰਾਂ ਗਉਣ ਵਾਲੇ ਵੀ ਹਜ਼ਾਰਾਂ ਨੇ
ਪਰ ਲਹਿਣੇ ਤੋਂ ਅੰਗਦ ਸਾਹਿਬ
ਅਮਰੂ ਨਿਥਾਵੇਂ ਤੋਂ
ਨਿਥਾਵਿਆਂ ਦੀ ਥਾਂ
ਨਿਧਰਿਆਂ ਦੀ ਧਿਰ
ਬਣਨ ਵਾਲਿਆਂ ਦੀ ਕਥਾ
ਪਲਾਂ ਵਿੱਚ ਹੀ ਕਿਉਂ ਮੁੱਕ ਜਾਂਦੀ ਹੈ
ਕਿਉਂ “ਤੂਂ ਖੁਦਾਇ ਕਾ ਡੂਮ
ਮੈਂ ਤੇਰਾ ਡੂਮ” ਅਤੇ
ਅੰਤ ਸਮੇ ਯਾਦ ਬਣਾਉਣ ਵੇਲੇ
“ਇਸ ਸਰੀਰ ਦੀ ਮਟੀ ‘ਚੋਂ
ਨਿਕਲ਼ ਕੇ ਇੱਟਾਂ ਦੀ ਮਟੀ ‘ਚ
ਕਿਉਂ ਕੈਦ ਹੋਣਾ ਬਾਬਾ !!”
ਕਹਿਣ ਵਾਲੇ ਮਰਦਾਨੇ 'ਮਰਾਸੀ' ਸਿਰ ਦੇ ਸਿਰ
ਇੱਕ ਬਾਲਾ ਸੰਧੂ ਕਿਉਂ ਖੜਾ ਹੇਇਆ ਹੈ ਬਾਬਾ !!!
 
Top